ਅੱਤਵਾਦੀ ਸੰਗਠਨ ਲਸ਼ਕਰ-ਏ-ਇਸਲਾਮ ਦੀ ਧਮਕੀ, ਕਸ਼ਮੀਰੀ ਹਿੰਦੂ ਘਾਟੀ ਛੱਡਣ ਜਾਂ ਮਰਨ ਲਈ ਤਿਆਰ ਰਹਿਣ

Thursday, Apr 14, 2022 - 11:48 AM (IST)

ਅੱਤਵਾਦੀ ਸੰਗਠਨ ਲਸ਼ਕਰ-ਏ-ਇਸਲਾਮ ਦੀ ਧਮਕੀ, ਕਸ਼ਮੀਰੀ ਹਿੰਦੂ ਘਾਟੀ ਛੱਡਣ ਜਾਂ ਮਰਨ ਲਈ ਤਿਆਰ ਰਹਿਣ

ਸ਼੍ਰੀਨਗਰ– ਅੱਤਵਾਦੀ ਸੰਗਠਨ ਲਸ਼ਕਰ-ਏ-ਇਸਲਾਮ ਨੇ ਵਾਦੀ ਵਿਚ ਰਹਿਣ ਵਾਲੇ ਕਸ਼ਮੀਰੀ ਹਿੰਦੂਆਂ ਨੂੰ ਕਸ਼ਮੀਰ ਛੱਡਣ ਦਾ ਫਰਮਾਨ ਸੁਣਾਉਂਦੇ ਹੋਏ ਕਿਹਾ ਕਿ ਕਾਫਿਰੋ ਆਪ ਅੱਲਾਹ ਅਤੇ ਉਸ ਦੇ ਰਸੂਲ ਹਜਰਤ ਮੁਹੰਮਦ ਵਿਚ ਆਸਥਾ ਪ੍ਰਗਟਾਓ ਜਾਂ ਫਿਰ ਕਸ਼ਮੀਰ ਛੱਡ ਦਿਓ ਨਹੀਂ ਤਾਂ ਅਸੀਂ ਤੁਹਾਨੂੰ ਨਰਕ ਵਿਚ ਭੇਜ ਦੇਵਾਂਗੇ। ਇਹ ਧਮਕੀ ਇਕ ਚਿੱਠੀ ਦੇ ਮਾਧਿਅਮ ਨਾਲ ਉੱਤਰੀ ਕਸ਼ਮੀਰ ਦੇ ਬਾਰਾਮੂਲਾ, ਵੀਰਵਨ ਵਿਚ ਰਹਿਣ ਵਾਲੇ ਕਸ਼ਮੀਰੀ ਹਿੰਦੂਆਂ ਨੂੰ ਦਿੱਤੀ ਗਈ ਹੈ। ਪੁਲਸ ਨੇ ਇਸ ਸਿਲਸਿਲੇ ਵਿਚ ਮਾਮਲਾ ਦਰਜ ਕਰ ਕੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ ਪਰ ਇਸ ਨਾਲ ਵਾਦੀ ਵਿਚ ਰਹਿਣ ਵਾਲੇ ਘੱਟ-ਗਿਣਤੀਆਂ ਵਿਚ ਡਰ ਅਤੇ ਅਸੁਰੱਖਿਆ ਦੀ ਭਾਵਨਾ ਪੈਦਾ ਹੋ ਗਈ ਹੈ।

ਲਸ਼ਕਰ-ਏ-ਇਸਲਾਮ ਨੇ ਅਗਸਤ 2016 ਵਿਚ ਕੁਲਗਾਮ ਵਿਚ ਰਹਿਣ ਵਾਲੇ ਕਸ਼ਮੀਰੀ ਹਿੰਦੂਆਂ ਨੂੰ ਵੀ ਇਸੇ ਤਰ੍ਹਾਂ ਦੀ ਧਮਕੀ ਦਿੱਤੀ ਸੀ। ਵੀਰਵਨ, ਬਾਰਾਮੂਲਾ ਕਾਲੋਨੀ ਵਿਚ ਰਹਿਣ ਵਾਲੇ ਇਕ ਕਸ਼ਮੀਰੀ ਹਿੰਦੂ ਨੇ ਦੱਸਿਆ ਕਿ ਲਸ਼ਕਰ-ਏ-ਇਸਲਾਮ ਨਾਮਕ ਅੱਤਵਾਦੀ ਸੰਗਠਨ ਦੀ ਧਮਕੀ ਭਰੀ ਚਿੱਠੀ ਮੰਗਲਵਾਰ ਦੀ ਸ਼ਾਮ ਨੂੰ ਹੀ ਡਾਕ ਰਾਹੀਂ ਆਈ ਹੈ। ਇਹ ਚਿੱਠੀ ਕਾਲੋਨੀ ਦੇ ਗੇਟ ’ਤੇ ਤਾਇਨਾਤ ਸੁਰੱਖਿਆ ਕਰਮਚਾਰੀਆਂ ਨੇ ਪ੍ਰਾਪਤ ਕੀਤੀ ਅਤੇ ਜਦੋਂ ਇਸ ਨੂੰ ਖੋਲ੍ਹਿਆ ਗਿਆ ਤਾਂ ਅੰਦਰ ਲਸ਼ਕਰ-ਏ-ਇਸਲਾਮ ਨਾਮਕ ਸੰਗਠਨ ਦਾ ਫਰਮਾਨ ਪੜਨ ਨੂੰ ਮਿਲਿਆ। ਇਸ ਨਾਲ ਪੂਰੀ ਕਾਲੋਨੀ ਵਿਚ ਦਹਿਸ਼ਤ ਫੈਲ ਗਈ।

ਉਨ੍ਹਾਂ ਕਿਹਾ ਕਿ ਜਦੋਂ ਇਸ ਚਿੱਠੀ ਦੀ ਖਬਰ ਫੈਲੀ ਤਾਂ ਕਾਲੋਨੀ ਵਿਚ ਇਕ ਮਹਿਲਾ ਡਰ ਦੇ ਮਾਰੇ ਬੇਹੋਸ਼ ਹੋ ਗਈ ਸੀ। ਅੰਗਰੇਜ਼ੀ ਵਿਚ ਲਿਖੀ ਇਸ ਚਿੱਠੀ ਵਿਚ ਕਿਹਾ ਗਿਆ ਹੈ ਕਾਫਿਰੋ ਖਬਰਦਾਰ। ਇਹ ਅੰਤਮ ਚਿਤਾਵਨੀ ਹੈ, ਕਸ਼ਮੀਰ ਛੱਡ ਦਿਓ ਜਾਂ ਮਰਨ ਲਈ ਤਿਆਰ ਹੋ ਜਾਓ। ਅੱਲਾਹ ਨੂੰ ਮੰਨਣ ਵਾਲੇ ਤੁਹਾਡੇ ’ਤੇ ਨਜ਼ਰ ਰੱਖੇ ਹੋਏ ਹਨ। ਤੁਸੀਂ ਲੋਕਾਂ ਨੇ ਕਸ਼ਮੀਰ ਦੇ ਲੋਕਾਂ ਨਾਲ ਧੋਖਾ ਕੀਤਾ ਹੈ ਅਤੇ ਇਕ-ਇਕ ਕਰ ਕੇ ਤੁਹਾਨੂੰ ਮੌਤ ਦੇ ਘਾਟ ਉਤਾਰਿਆ ਜਾਵੇਗਾ। ਮੋਦੀ ਹੋਵੇ ਜਾਂ ਸ਼ਾਹ, ਹਿੰਦੁਸਤਾਨ ਵਿਚ ਕੋਈ ਵੀ ਤੁਹਾਨੂੰ ਨਹੀਂ ਬਚਾਅ ਸਕੇਗਾ। ਹਰੇਕ ਕਸ਼ਮੀਰੀ ਹਿੰਦੂ ਮਰੇਗਾ।


author

Rakesh

Content Editor

Related News