ਚਾਹ ਬੋਰਡ ਨੇ ਅਸਮ ਚਾਹ ਲਈ ਵੱਖ ਪਲੇਟਫਾਰਮ ਤਿਆਰ ਕਰਨ ਵੱਲ ਵਧਾਇਆ ਕਦਮ
Monday, Jul 08, 2019 - 11:07 PM (IST)

ਕੋਲਕਾਤਾ— ਚਾਹ ਬੋਰਡ ਨੇ ਅਸਮ ਚਾਹ ਕਲਸਟਰ ਨੂੰ ਧਿਆਨ 'ਚ ਰੱਖਦੇ ਹੋਏ ਜੋਰਹਾਟ 'ਚ ਇਕ ਵੱਖ ਇਲੈਕਟ੍ਰਾਨਿਕ ਨੀਲਾਮੀ ਮੰਚ (ਈ-ਨੀਲਾਮੀ ਪਲੇਟਫਾਰਮ) ਤਿਆਰ ਕਰਨ ਦੀ ਪਹਿਲ ਸ਼ੁਰੂ ਕੀਤੀ ਹੈ। ਇਸ ਦਾ ਉਦੇਸ਼ ਇਕ ਨਵਾਂ ਈ-ਬਾਜ਼ਾਰ ਤਿਆਰ ਕਰਨਾ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ ਇਸ ਨੀਲਾਮੀ ਮੰਚ ਕੋਲ ਕੇਂਦਰੀ ਭੰਡਾਰਨ ਅਤੇ ਲਾਜਿਸਟਿਕਸ ਵਰਗੀਆਂ ਸਹਾਇਕ ਸੇਵਾਵਾਂ ਵੀ ਉਪਲਬਧ ਹੋਣਗੀਆਂ। ਚਾਹ ਬੋਰਡ ਦੇ ਡਿਪਟੀ-ਚੇਅਰਮੈਨ ਏ. ਕੇ. ਰੇ ਨੇ ਕਿਹਾ ਕਿ ਇਸ ਪ੍ਰਸਤਾਵਿਤ ਈ-ਮਾਰਕੀਟ ਪਲੇਸ ਨਾਲ ਦੇਸ਼ ਭਰ ਦੇ ਦੂਜਾ ਅਤੇ ਤੀਜਾ ਦਰਜਾ ਖਰੀਦਦਾਰਾਂ ਦੇ ਇਕ ਮੰਚ 'ਤੇ ਆਉਣ ਦੀ ਉਮੀਦ ਹੈ। ਇਸ ਮੰਚ ਨੂੰ ਐਮਜੰਕਸ਼ਨ ਸਰਵਿਸਿਜ਼ ਤਿਆਰ ਕਰੇਗੀ। ਰੇ ਨੇ ਕਿਹਾ ਕਿ ਚਾਹ ਬੋਰਡ ਨੇ ਈ-ਨੀਲਾਮੀ ਦੇ ਸਬੰਧ 'ਚ ਕੁਝ ਨੀਤੀਗਤ ਸੁਧਾਰਾਂ ਲਈ ਆਈ. ਆਈ. ਐੱਮ. ਬੇਂਗਲੁਰੂ ਨਾਲ ਗੱਲਬਾਤ ਕੀਤੀ ਹੈ।
ਉਨ੍ਹਾਂ ਕਿਹਾ ਕਿ ਛੋਟੇ ਉਤਪਾਦਕਾਂ ਦੇ ਉਤਪਾਦਨ ਵਧਾਉਣ ਨਾਲ ਵੱਡੀਆਂ ਕੰਪਨੀਆਂ ਨੂੰ ਮੁਸ਼ਕਲ ਹੋਈ ਹੈ ਕਿਉਂਕਿ ਇਨ੍ਹਾਂ ਦੀ ਲਾਗਤ ਜ਼ਿਆਦਾ ਬੈਠਦੀ ਹੈ। ਅਧਿਕਾਰੀ ਨੇ ਕਿਹਾ ਕਿ ਬੋਰਡ ਨੇ ਚਾਹ ਰਹਿੰਦ-ਖੂੰਹਦ ਦੀ ਬਰਾਮਦ ਨੂੰ ਮਨਜ਼ੂਰੀ ਦੇਣ ਦਾ ਵੀ ਫੈਸਲਾ ਕੀਤਾ ਹੈ, ਜਿਸ 'ਤੇ ਹੁਣ ਤੱਕ ਰੋਕ ਸੀ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਬਾਜ਼ਾਰ 'ਚ ਘੱਟ ਗੁਣਵੱਤਾ ਵਾਲੀ ਚਾਹ ਦੀ ਉਪਲੱਬਧਤਾ ਨੂੰ ਵੀ ਘੱਟ ਕੀਤਾ ਜਾਵੇਗਾ।