ਜਹਾਜ਼ ਹਾਦਸੇ 'ਚ ਜ਼ਖ਼ਮੀ ਕੈਪਟਨ ਵਰੁਣ ਨੂੰ ਬੈਂਗਲੁਰੂ ਹਸਪਤਾਲ ਕੀਤਾ ਸ਼ਿਫਟ, ਸਿਹਤਯਾਬੀ ਲਈ ਦੇਸ਼ ਕਰ ਰਿਹਾ ਦੁਆਵਾਂ
Thursday, Dec 09, 2021 - 04:55 PM (IST)
ਭੋਪਾਲ (ਭਾਸ਼ਾ)–ਤਾਮਿਲਨਾਡੂ ਦੇ ਕੁਨੂਰ ਨੇੜੇ ਬੁੱਧਵਾਰ ਨੂੰ ਹੋਏ ਹੈਲੀਕਾਪਟਰ ਹਾਦਸੇ ਦੇ ਇਕਲੌਤੇ ਬਚੇ ਭਾਰਤੀ ਹਵਾਈ ਸੈਨਾ ਦੇ ਗਰੁੱਪ ਕੈਪਟਨ ਵਰੁਣ ਸਿੰਘ ਨੂੰ ਬੈਂਗਲੁਰੂ ਸ਼ਿਫਟ ਕਰ ਦਿੱਤਾ ਗਿਆ ਹੈ। ਵਰੁਣ ਦੇ ਪਿਤਾ ਕਰਨਲ (ਸੇਵਾਮੁਕਤ) ਕੇ.ਪੀ ਸਿੰਘ ਨੇ ਵੀਰਵਾਰ ਨੂੰ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਵਰੁਣ ਨੂੰ ਵੈਲਿੰਗਟਨ ਦੇ ਮਿਲਟਰੀ ਹਸਪਤਾਲ ਤੋਂ ਬੈਂਗਲੁਰੂ ਦੇ ਇੱਕ ਹਸਪਤਾਲ ਵਿੱਚ ਸ਼ਿਫਟ ਕੀਤਾ ਜਾ ਰਿਹਾ ਹੈ। ਇਸ ਹਾਦਸੇ 'ਚ ਦੇਸ਼ ਦੇ ਪਹਿਲੇ ਚੀਫ਼ ਆਫ਼ ਡਿਫੈਂਸ ਸਟਾਫ (CDS) ਜਨਰਲ ਬਿਪਿਨ ਰਾਵਤ ਸਮੇਤ 13 ਲੋਕਾਂ ਦੀ ਮੌਤ ਹੋ ਗਈ।
ਭੋਪਾਲ ਸਥਿਤ ਗਰੁੱਪ ਕੈਪਟਨ ਵਰੁਣ ਸਿੰਘ ਦੇ ਪਿਤਾ ਕਰਨਲ (ਸੇਵਾਮੁਕਤ) ਕੇ.ਪੀ. ਸਿੰਘ ਨੇ ਪੀ.ਟੀ.ਆਈ. ਨੂੰ ਫ਼ੋਨ 'ਤੇ ਦੱਸਿਆ, "ਵਰੁਣ ਨੂੰ ਬੈਂਗਲੁਰੂ ਸ਼ਿਫਟ ਕੀਤਾ ਜਾ ਰਿਹਾ ਹੈ ਅਤੇ ਮੈਂ ਵੈਲਿੰਗਟਨ ਪਹੁੰਚ ਗਿਆ ਹਾਂ। ਵਰੁਣ ਸਿੰਘ ਦੀ ਹਾਲਤ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ, ‘‘ਮੈਂ ਉਨ੍ਹਾਂ ਦੀ ਹਾਲਤ ਬਾਰੇ ਫ਼ਿਲਹਾਲ ਜ਼ਿਆਦਾ ਕੁਝ ਨਹੀਂ ਦੱਸ ਸਕਦਾ।’’ ਇੱਥੋਂ ਦੇ ਏਅਰਪੋਰਟ ਰੋਡ ’ਤੇ ‘ਸਨ ਸਿਟੀ’ ਵਿੱਚ ਕੇ.ਪੀ. ਸਿੰਘ ਦੀ ਰਿਹਾਇਸ਼ ਦੇ ਗੁਆਂਢ ਵਿੱਚ ਰਹਿਣ ਵਾਲੇ ਲੈਫਟੀਨੈਂਟ ਕਰਨਲ (ਸੇਵਾਮੁਕਤ) ਸ. ਈਸ਼ਾਨ ਆਰ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਗਰੁੱਪ ਕੈਪਟਨ ਵਰੁਣ ਸਿੰਘ ਠੀਕ ਹੋਣਗੇ। ਉਸਨੇ ਕਿਹਾ ਕਿ ਉਹ ਅਤੇ ਉਸਦੀ ਪਤਨੀ ਉਮਾ ਮੁੰਬਈ ਵਿੱਚ ਆਪਣੇ ਛੋਟੇ ਬੇਟੇ ਤਨੁਜ ਦੇ ਘਰ ਸਨ ਜਦੋਂ ਕੇ.ਪੀ ਸਿੰਘ ਨੂੰ ਬੁੱਧਵਾਰ ਨੂੰ ਮੰਦਭਾਗੀ ਖ਼ਬਰ ਮਿਲੀ ਸੀ।
ਤਨੁਜ ਜਲ ਸੈਨਾ ’ਚ ਲੈਫਟੀਨੈਂਟ ਕਮਾਂਡਰ ਹਨ। ਈਸ਼ਾਨ ਨੇ ਕਿਹਾ, ''ਮੈਂ ਅੱਜ ਸਵੇਰੇ ਕਰਨਲ ਕੇ.ਪੀ. ਸਿੰਘ ਨਾਲ ਗੱਲ ਕੀਤੀ ਸੀ। ਉਸਨੇ ਮੈਨੂੰ ਦੱਸਿਆ ਕਿ ਉਸਦਾ ਪੁੱਤਰ ਇੱਕ ਲੜਾਕੂ (ਯੋਧਾ) ਹੈ ਅਤੇ ਉਹ ਇਸ ਸੰਕਟ 'ਤੇ ਵੀ ਕਾਬੂ ਪਾ ਲਵੇਗਾ।'' ਉਨ੍ਹਾਂ ਯਾਦ ਕੀਤਾ ਕਿ ਗਰੁੱਪ ਕੈਪਟਨ ਵਰੁਣ ਸਿੰਘ ਨੇ ਇਸ ਤੋਂ ਪਹਿਲਾਂ ਪਿਛਲੇ ਸਾਲ ਤੇਜਸ ਜਹਾਜ਼ ਦੀ ਟੈਸਟ ਉਡਾਣ ਦੌਰਾਨ ਵੱਡੀ ਤਕਨੀਕੀ ਖ਼ਰਾਬੀ ਨੂੰ ਠੀਕ ਕਰਨ ਤੋਂ ਬਾਅਦ ਜਹਾਜ਼ ਨੂੰ ਐਮਰਜੈਂਸੀ ’ਚ ਉਤਾਰਿਆ ਸੀ ਅਤੇ ਉਹ ਸੁਰੱਖਿਅਤ ਬਚ ਗਿਆ ਸੀ। ਉਸਦੀ ਬਹਾਦਰੀ ਲਈ, ਉਸਨੂੰ ਇਸ ਸਾਲ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ।