ਭਾਜਪਾ ਤੇ ਅੰਨਾ ਡੀ. ਐੱਮ. ਕੇ. ਨੇ ਮੁੜ ਕੀਤਾ ਗੱਠਜੋੜ

Saturday, Apr 12, 2025 - 12:31 AM (IST)

ਭਾਜਪਾ ਤੇ ਅੰਨਾ ਡੀ. ਐੱਮ. ਕੇ. ਨੇ ਮੁੜ ਕੀਤਾ ਗੱਠਜੋੜ

ਚੇਨਈ, (ਭਾਸ਼ਾ)– ਤਾਮਿਲਨਾਡੂ ’ਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਅਤੇ ਸੂਬਾ ਵਿਧਾਨ ਸਭਾ ’ਚ ਮੁੱਖ ਵਿਰੋਧੀ ਪਾਰਟੀ ਅੰਨਾ ਡੀ. ਐੱਮ. ਕੇ. ਨੇ ਸ਼ੁੱਕਰਵਾਰ ਨੂੰ ਗੱਠਜੋੜ ਦਾ ਐਲਾਨ ਕੀਤਾ। ਇਸ ਮੌਕੇ ’ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਲਾਨ ਕੀਤਾ ਕਿ ਸੂਬੇ ਵਿਚ 2026 ਦੀ ਵਿਧਾਨ ਸਭਾ ਚੋਣ ਅੰਨਾ ਡੀ. ਐੱਮ. ਕੇ. ਦੇ ਮੁਖੀ ਏਡਪਾਦੀ ਕੇ. ਪਲਾਨੀਸਵਾਮੀ ਦੀ ਅਗਵਾਈ ’ਚ ਲੜੀ ਜਾਵੇਗੀ।

ਵੱਖ ਹੋਣ ਤੋਂ ਲੱਗਭਗ 2 ਸਾਲ ਬਾਅਦ ਦੋਵਾਂ ਪਾਰਟੀਆਂ ਵਿਚਾਲੇ ਮੁੜ ਗੱਠਜੋੜ ਹੋਣ ’ਤੇ ਅਮਿਤ ਸ਼ਾਹ ਨੇ ਕਿਹਾ ਕਿ ਕੇਂਦਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੂਬਾ ਪੱਧਰ ’ਤੇ ਪਲਾਨੀਸਵਾਮੀ ਦੀ ਲੀਡਰਸ਼ਿਪ ਹੋਵੇਗੀ। ਉਨ੍ਹਾਂ ਇੱਥੇ ਪਲਾਨੀਸਵਾਮੀ ਅਤੇ ਸੂਬਾ ਭਾਜਪਾ ਦੇ ਅਹੁਦਾ ਛੱਡ ਰਹੇ ਪ੍ਰਧਾਨ ਕੇ. ਅੰਨਾਮਲਾਈ ਨਾਲ ਪੱਤਰਕਾਰ ਸੰਮੇਲਨ ਵਿਚ ਕਿਹਾ,‘‘ਅੰਨਾ ਡੀ. ਐੱਮ. ਕੇ. ਤੇ ਭਾਜਪਾ ਨੇ ਅਗਲੀ ਚੋਣ ਇਕੱਠੇ ਲੜਨ ਦਾ ਫੈਸਲਾ ਕੀਤਾ ਹੈ। 1998 ਤੋਂ ਅੰਨਾ ਡੀ. ਐੱਮ. ਕੇ. ਭਾਜਪਾ ਗੱਠਜੋੜ ਦਾ ਹਿੱਸਾ ਰਹੀ ਹੈ (ਵੱਖ-ਵੱਖ ਸਮੇਂ ’ਤੇ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸਵਰਗੀ ਮੁੱਖ ਮੰਤਰੀ ਜੇ. ਜੈਲਲਿਤਾ ਨੇ ਕੇਂਦਰ-ਸੂਬਾ ਸਬੰਧਾਂ ਲਈ ਕੰਮ ਕੀਤਾ ਸੀ। ਅਸੀਂ ਏਡਪਾਦੀ ਪਲਾਨੀਸਵਾਮੀ ਦੀ ਅਗਵਾਈ ’ਚ ਮਿਲ ਕੇ ਸਰਕਾਰ ਬਣਾਵਾਂਗੇ।’’

ਸ਼ਾਹ ਨੇ ਸੰਕੇਤ ਦਿੱਤਾ ਕਿ ਰਾਜਗ ਦੇ ਜਿੱਤਣ ’ਤੇ ਇਹ ਗੱਠਜੋੜ ਸਰਕਾਰ ਹੋਵੇਗੀ। ਉਨ੍ਹਾਂ ਭਰੋਸਾ ਪ੍ਰਗਟ ਕੀਤਾ ਕਿ ਰਾਜਗ ਨੂੰ ਮਜ਼ਬੂਤ ਲੋਕ ਫਤਵਾ ਮਿਲੇਗਾ ਅਤੇ ਉਹ ਸਰਕਾਰ ਬਣਾਏਗਾ। ਕੁਝ ਮੁੱਦਿਆਂ ’ਤੇ ਅੰਨਾ ਡੀ. ਐੱਮ. ਕੇ. ਦੇ ਵੱਖ-ਵੱਖ ਰਵੱਈਏ ’ਤੇ ਸ਼ਾਹ ਨੇ ਕਿਹਾ ਕਿ ਬੈਠ ਕੇ ਚਰਚਾ ਕੀਤੀ ਜਾਵੇਗੀ ਅਤੇ ਲੋੜ ਪੈਣ ’ਤੇ ਘੱਟੋ-ਘੱਟ ਸਾਂਝਾ ਪ੍ਰੋਗਰਾਮ ਬਣਾਇਆ ਜਾਵੇਗਾ।

ਅਮਿਤ ਸ਼ਾਹ ਨੇ ਸੂਬੇ ਵਿਚ ਸੱਤਾਧਾਰੀ ਡੀ. ਐੱਮ. ਕੇ. ਦੀ ਆਲੋਚਨਾ ਕੀਤੀ ਅਤੇ ਦੋਸ਼ ਲਾਇਆ ਕਿ ਉਹ ਸਨਾਤਨ ਧਰਮ, ਤਿੰਨ ਭਾਸ਼ਾ ਨੀਤੀ ਤੇ ਹੱਦਬੰਦੀ ਵਰਗੇ ਮਾਮਲਿਆਂ ਨੂੰ ਸਿਰਫ ਅਹਿਮ ਮੁੱਦਿਆਂ ਤੋਂ ਧਿਆਨ ਹਟਾਉਣ ਦੇ ਇਰਾਦੇ ਨਾਲ ਚੁੱਕ ਰਹੀ ਹੈ। ਲੋਕ ਕਈ ‘ਘਪਲਿਆਂ’ ’ਤੇ ਸੱਤਾਧਾਰੀ ਸਰਕਾਰ ਤੋਂ ਜਵਾਬ ਮੰਗ ਰਹੇ ਹਨ ਅਤੇ ਉਹ ਅਸਲ ਮੁੱਦਿਆਂ ’ਤੇ ਵੋਟਾਂ ਪਾਉਣਗੇ।


author

Rakesh

Content Editor

Related News