ਇਮਲੀ ਨਾਲ ਹੋਵੇਗਾ ਚਿਕਨਗੁਨੀਆ ਦਾ ਇਲਾਜ
Wednesday, Nov 14, 2018 - 09:51 AM (IST)
ਨਵੀਂ ਦਿੱਲੀ(ਭਾਸ਼ਾ)– ਆਈ. ਆਈ. ਟੀ. ਰੁੜਕੀ ਦੇ ਦੋ ਪ੍ਰੋਫੈਸਰਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਇਮਲੀ ਦੇ ਬੀਜਾਂ ’ਚ ਇਕ ਪ੍ਰੋਟੀਨ ਦਾ ਪਤਾ ਲਾਇਆ ਹੈ, ਜਿਸ ’ਚ ਵਿਸ਼ਾਣੂ ਰੋਧੀ ਗੁਣ ਹਨ ਅਤੇ ਚਿਕਨਗੁਨੀਆ ਦੇ ਇਲਾਜ ਲਈ ਦਵਾਈ ਬਣਾਉਣ ’ਚ ਉਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਆਈ. ਆਈ. ਟੀ. ਰੁੜਕੀ ਦੇ ਖੋਜਕਾਰਾਂ ਦੀ ਇਸ ਟੀਮ ਨੇ ਇਮਲੀ ਦੇ ਵਿਸ਼ਾਣੂਰੋਧੀ ਪ੍ਰੋਟੀਨ ਵਾਲੇ ਐਂਟੀ ਵਾਇਰਲ ਕੰਪੋਜ਼ੀਸ਼ਨ ਦੇ ਪੇਟੈਂਟ ਲਈ ਅਰਜ਼ੀ ਦਿੱਤੀ ਹੈ ਅਤੇ ਹੁਣ ਉਹ ਇਸ ਨਾਲ ਚਿਕਨਗੁਨੀਆ ਦੇ ਇਲਾਜ ਲਈ ਦਵਾਈ ਤਿਆਰ ਕਰ ਰਹੇ ਹਨ। ਇਕ ਪ੍ਰੋਫੈਸਰ ਸ਼ੈਲੀ ਤੋਮਰ ਨੇ ਦੱਸਿਆ ਕਿ ਇਮਲੀ ਨੂੰ ਅਨੇਕਾਂ ਮੈਡੀਕਲੀ ਗੁਣਾਂ ਲਈ ਜਾਣਿਆ ਜਾਂਦਾ ਹੈ ਅਤੇ ਇਹ ਬਹੁਤ ਚੰਗਾ ਆਯੁਰਵੈਦਿਕ ਖੁਰਾਕ ਪਦਾਰਥ ਹੈ।
ਇਸ ਦੇ ਫਲ, ਬੀਜ, ਪੱਤੀਅਾਂ, ਜੜ੍ਹਾਂ ਦੀ ਵਰਤੋਂ ਡਾਇਰੀਆ, ਪੇਚਿਸ ਤੋਂ ਇਲਾਵਾ ਅਨੇਕਾਂ ਕਿਸਮ ਦੀਅਾਂ ਬੀਮਾਰੀਅਾਂ ਦੇ ਇਲਾਜ ਲਈ ਕੀਤੀ ਜਾਂਦੀ ਹੈ। ਖੋਜਕਾਰਾਂ ਨੇ ਆਪਣੇ ਅਧਿਐਨ ’ਚ ਦੇਖਿਆ ਕਿ ਇਮਲੀ ਦੇ ਬੀਜ ਤੋਂ ਕੱਢਿਆ ਗਿਆ ਲੈਕਟਿਨ ਲਗਾਈਕੇਨਸ ਸ਼ੂਗਰ ਮਾਲੀਕਿਊਲਸ ਨਾਲ ਮਿਲ ਜਾਂਦਾ ਹੈ, ਜਿਸ ’ਚ ਐੱਨ ਐਸਟਿਲ ਗਲੂਕੋਸਾਮੀਨ (ਐੱਨ. ਏ. ਜੀ.) ਹੁੰਦਾ ਹੈ। ਇਸ ਨਾਲ ਮੂਲ ਕੋਸ਼ਿਕਾਵਾਂ ’ਚ ਜੀਵਾਣੂ ਦਾਖਲ ਨਹੀਂ ਹੁੰਦਾ। ਖੋਜਕਾਰਾਂ ਦਾ ਕਹਿਣਾ ਹੈ ਕਿ ਚਿਕਨਗੁਨੀਆ ਦੇ ਇਲਾਜ ’ਚ ਇਹ ਕਾਫੀ ਮਦਦਗਾਰ ਸਾਬਤ ਹੋ ਸਕਦਾ ਹੈ।