ਵਿਦੇਸ਼ ਮੰਤਰੀ ਨੂੰ ਸਵਾਤੀ ਮਾਲੀਵਾਲ ਦੀ ਅਪੀਲ, ਅਮਰੀਕਾ ਜਾਣ ਲਈ ਫਾਈਲ ਨੂੰ ਦਿਓ ਮਨਜ਼ੂਰੀ
Thursday, Feb 09, 2023 - 03:49 PM (IST)

ਨਵੀਂ ਦਿੱਲੀ- ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਵੀਰਵਾਰ ਨੂੰ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਤੋਂ 11 ਫਰਵਰੀ ਨੂੰ ਇਕ ਸੰਮੇਲਨ 'ਚ ਹਿੱਸਾ ਲੈਣ ਲਈ ਅਮਰੀਕਾ ਦੀ ਉਨ੍ਹਾਂ ਦੀ ਯਾਤਰਾ ਨਾਲ ਜੁੜੀ ਫਾਈਲ ਨੂੰ ਮਨਜ਼ੂਰੀ ਦੇਣ ਦੀ ਬੇਨਤੀ ਕੀਤੀ। ਮਾਲੀਵਾਲ ਨੂੰ ਹਾਰਵਰਡ ਯੂਨੀਵਰਸਿਟੀ ਵਿਚ ਸਾਲਾਨਾ ਭਾਰਤ ਸੰਮੇਲਨ ਨੂੰ ਸੰਬੋਧਿਤ ਕਰਨ ਲਈ ਸੱਦਾ ਦਿੱਤਾ ਗਿਆ ਹੈ। ਸੰਮੇਲਨ 11-12 ਫਰਵਰੀ ਨੂੰ ਹੋਵੇਗਾ।
ਇਸ ਸੰਮੇਲਨ ਦਾ ਵਿਸ਼ਾ 'ਦਿਸ਼ਾ ਦ੍ਰਿਸ਼ਟੀ 2047: ਆਜ਼ਾਦੀ ਦੇ 100ਵੇਂ ਸਾਲ 'ਚ ਭਾਰਤ' ਹੈ। ਪਹਿਲਾ ਇਹ ਫਾਈਲ ਉਪ ਰਾਜਪਾਲ ਵੀ. ਕੇ. ਸਕਸੈਨਾ ਕੋਲ ਭੇਜੀ ਗਈ ਸੀ, ਜਿਨ੍ਹਾਂ ਨੇ ਆਪਣੀ ਮਨਜ਼ੂਰੀ ਦੇ ਦਿੱਤੀ। ਮਾਲੀਵਾਲ ਨੇ ਟਵੀਟ ਕੀਤਾ ਕਿ ਹਾਰਵਰਡ ਯੂਨੀਵਰਸਿਟੀ 'ਚ ਸੰਬੋਧਨ ਲਈ ਯਾਤਰਾ ਦੀ ਆਗਿਆ ਮੰਗਦੇ ਹੋਏ ਮੈਂ 16 ਜਨਵਰੀ ਨੂੰ ਮਾਣਯੋਗ ਉਪ ਰਾਜਪਾਲ ਕੋਲ ਫਾਈਲ ਭੇਜੀ ਸੀ। ਉਨ੍ਹਾਂ ਨੇ 23 ਦਿਨਾਂ ਬਾਅਦ ਮਨਜ਼ੂਰੀ ਦਿੱਤੀ। ਮੈਨੂੰ ਵਿਦੇਸ਼ ਮੰਤਰਾਲਾ ਤੋਂ ਮਨਜ਼ੂਰੀ ਲੈਣ ਲਈ ਕਿਹਾ। ਡਾ. ਐੱਸ. ਜੈਸ਼ੰਕਰ ਜੀ ਤੋਂ ਇਸ ਫਾਈਲ ਨੂੰ ਛੇਤੀ ਮਨਜ਼ੂਰੀ ਦੇਣ ਦੀ ਬੇਨਤੀ ਹੈ, ਕਿਉਂਕਿ ਇਸ ਸੰਮੇਲਨ 'ਚ ਮਹਿਜ ਦੋ ਦਿਨ ਬਚੇ ਹਨ।