23 ਲੱਖ ਵਿਦਿਆਰਥੀਆਂ ਦੇ ਭਵਿੱਖ ਦਾ ਸਵਾਲ, NEET-UG 2024 ''ਤੇ ਸੁਪਰੀਮ ਕੋਰਟ ਦੀ ਸੁਣਵਾਈ ਭਲਕੇ

Wednesday, Jul 17, 2024 - 11:10 PM (IST)

23 ਲੱਖ ਵਿਦਿਆਰਥੀਆਂ ਦੇ ਭਵਿੱਖ ਦਾ ਸਵਾਲ, NEET-UG 2024 ''ਤੇ ਸੁਪਰੀਮ ਕੋਰਟ ਦੀ ਸੁਣਵਾਈ ਭਲਕੇ

ਨਵੀਂ ਦਿੱਲੀ : ਸੁਪਰੀਮ ਕੋਰਟ ਵੀਰਵਾਰ ਨੂੰ ਵਿਵਾਦਾਂ 'ਚ ਘਿਰੀ ਰਾਸ਼ਟਰੀ ਯੋਗਤਾ ਕਮ ਪ੍ਰਵੇਸ਼ ਪ੍ਰੀਖਿਆ-ਗ੍ਰੈਜੂਏਟ (NEET-UG) 2024 ਨਾਲ ਜੁੜੀਆਂ ਪਟੀਸ਼ਨਾਂ 'ਤੇ ਸੁਣਵਾਈ ਕਰੇਗਾ। ਇਹ ਪ੍ਰੀਖਿਆ 5 ਮਈ ਨੂੰ ਹੋਈ ਸੀ।

18 ਜੁਲਾਈ ਲਈ ਸੁਪਰੀਮ ਕੋਰਟ ਦੀ ਵੈੱਬਸਾਈਟ 'ਤੇ ਅਪਲੋਡ ਕੀਤੀ ਗਈ  ਸੂਚੀ ਅਨੁਸਾਰ ਚੀਫ਼ ਜਸਟਿਸ ਡੀਵਾਈ ਚੰਦਰਚੂੜ, ਜਸਟਿਸ ਜੇ ਬੀ ਪਰਦੀਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ ਦੀ ਬੈਂਚ 40 ਤੋਂ ਵੱਧ ਪਟੀਸ਼ਨਾਂ 'ਤੇ ਸੁਣਵਾਈ ਕਰੇਗੀ। ਇਨ੍ਹਾਂ ਵਿੱਚ ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਦੀ ਪਟੀਸ਼ਨ ਵੀ ਸ਼ਾਮਲ ਹੈ, ਜਿਸ ਵਿਚ ਉਸ ਨੇ ਵੱਖ-ਵੱਖ ਹਾਈ ਕੋਰਟਾਂ ਵਿੱਚ ਇਸ ਦੇ ਵਿਰੁੱਧ ਲਟਕੇ ਕੇਸਾਂ ਨੂੰ ਸੁਪਰੀਮ ਕੋਰਟ ਵਿੱਚ ਤਬਦੀਲ ਕਰਨ ਦੀ ਬੇਨਤੀ ਕੀਤੀ ਹੈ।

11 ਜੁਲਾਈ ਨੂੰ, ਸੁਪਰੀਮ ਕੋਰਟ ਨੇ NEET-UG 2024 ਨਾਲ ਜੁੜੀਆਂ ਪਟੀਸ਼ਨਾਂ 'ਤੇ ਸੁਣਵਾਈ 18 ਜੁਲਾਈ ਤੱਕ ਟਾਲ ਦਿੱਤੀ ਸੀ। ਇਨ੍ਹਾਂ ਪਟੀਸ਼ਨਾਂ ਵਿੱਚ NEET-UG 2024 ਪ੍ਰੀਖਿਆ ਕਰਵਾਉਣ ਵਿਚ ਕਥਿਤ ਬੇਨਿਯਮੀਆਂ ਅਤੇ ਗਲਤ ਵਿਹਾਰਾਂ ਦੀ ਜਾਂਚ ਕਰਨ, ਪ੍ਰੀਖਿਆ ਨੂੰ ਰੱਦ ਕਰਨ ਅਤੇ ਪ੍ਰੀਖਿਆ ਨਵੇਂ ਸਿਰੇ ਤੋਂ ਕਰਾਉਣ ਦੇ ਨਿਰਦੇਸ਼ ਦੇਣ ਦੀ ਬੇਨਤੀ ਕੀਤੀ ਗਈ ਹੈ। ਬੈਂਚ ਨੇ ਕਿਹਾ ਸੀ ਕਿ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਉਸ ਨੂੰ NEET-UG 2024 ਦੇ ਸੰਚਾਲਨ ਵਿਚ ਕਥਿਤ ਬੇਨਿਯਮੀਆਂ ਦੀ ਜਾਂਚ ਵਿੱਚ ਹੋਏ ਵਿਕਾਸ ਬਾਰੇ ਇੱਕ ਸਥਿਤੀ ਰਿਪੋਰਟ ਸੌਂਪ ਦਿੱਤੀ ਹੈ।

ਪਿਛਲੇ ਹਫ਼ਤੇ ਸੁਪਰੀਮ ਕੋਰਟ ਵਿੱਚ ਦਾਇਰ ਇੱਕ ਹੋਰ ਹਲਫ਼ਨਾਮੇ ਵਿਚ, ਕੇਂਦਰ ਸਰਕਾਰ ਨੇ ਕਿਹਾ ਸੀ ਕਿ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈਆਈਟੀ) ਮਦਰਾਸ ਦੇ NEET-UG 2024 ਦੇ ਨਤੀਜਿਆਂ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਵਿੱਚ ਕਿਸੇ ਵੱਡੇ ਦੁਰਵਿਵਹਾਰ ਦੇ ਸੰਕੇਤ ਨਹੀਂ ਮਿਲੇ ਹਨ ਤੇ ਨਾ ਹੀ ਇਹ ਸਾਹਮਣੇ ਆਇਆ ਕਿ ਸਥਾਨਕ ਉਮੀਦਵਾਰਾਂ ਦੇ ਕਿਸੇ ਸਮੂਹ ਨੂੰ ਫਾਇਦਾ ਹੋਇਆ ਤੇ ਉਨ੍ਹਾਂ ਨੇ ਵਧੇਰੇ ਅੰਕ ਹਾਸਲ ਕੀਤੇ।

ਸਰਕਾਰ ਦਾ ਇਹ ਦਾਅਵਾ ਸੁਪਰੀਮ ਕੋਰਟ ਦੀ ਅੱਠ ਜੁਲਾਈ ਦੀ ਟਿੱਪਣੀ ਦੇ ਮੱਦੇਨਜ਼ਰ ਅਹਿਮ ਹੈ, ਜਿਸ ਵਿਚ ਉਸ ਨੇ ਕਿਹਾ ਸੀ ਕਿ ਜੇਕਰ ਪੰਜ ਮਈ ਨੂੰ ਨੀਟੀ ਯੂਜੀਸੀ ਕਰਵਾਉਣ ਵਿਚ ਵੱਡੇ ਪੈਮਾਨੇ ਵਿਚ ਬੇਨਿਯਮੀਆਂ ਦੀ ਗੱਲ ਸਾਹਮਣੇ ਆਉਂਦੀ ਹੈ ਤਾਂ ਉਹ ਨਵੇਂ ਸਿਰੇ ਨਾਲ ਪ੍ਰੀਖਿਆ ਕਰਵਾਉਣ ਦੇ ਹੁਕਮ ਦੇ ਸਕਦਾ ਹੈ। ਕੇਂਦਰ ਦੇ ਨਵੇਂ ਹਲਫਨਾਮੇ ਵਿਚ ਕਿਹਾ ਗਿਆ ਹੈ ਕਿ 2024-25 ਦੇ ਲਈ ਗ੍ਰੈਜੂਏਟ ਸੀਟਾਂ ਦੇ ਲਈ ਕਾਊਂਸਲਿੰਗ ਦੀ ਪ੍ਰਕਿਰਿਆ ਜੁਲਾਈ ਦੇ ਤੀਜੇ ਹਫਤੇ ਤੋਂ ਸ਼ੁਰੂ ਹੋਵੇਗੀ ਤੇ ਇਸ ਨੂੰ ਚਾਰ ਪੜਾਅ 'ਚ ਪੂਰਾ ਕੀਤਾ ਜਾਵੇਗਾ।

ਨੀਟ ਯੂਜੀ 2024 ਕਰਵਾਉਣ ਵਾਲੀ ਐੱਨਟੀਏ ਨੇ ਵੀ ਚੋਟੀ ਦੀ ਅਦਾਲਤ ਵਿਚ ਇਕ ਹਲਫਨਾਮਾ ਦਾਇਰ ਕੀਤਾ ਸੀ। ਏਜੰਸੀ ਨੇ ਕਿਹਾ ਸੀ ਕਿ ਉਸ ਨੇ ਰਾਸ਼ਟਰੀ, ਸੂਬਾ, ਸ਼ਹਿਰ ਤੇ ਕੇਂਦਰੀ ਪੱਧਰ 'ਤੇ ਨੀਟ ਯੂਜੀ 2024 ਵਿਚ ਅੰਕਾਂ ਦੀ ਵੰਡ ਦਾ ਇਕ ਵਿਸ਼ਲੇਸ਼ਣ ਕੀਤਾ ਹੈ। ਐੱਨਟੀਏ ਨੇ ਆਪਣੇ ਹਲਫਨਾਮੇ ਵਿਚ ਕਿਹਾ ਕਿ ਇਹ ਵਿਸ਼ਲੇਸ਼ਣ ਦਿਖਾਉਂਦਾ ਹੈ ਕਿ ਅੰਕਾਂ ਦੀ ਵੰਡ ਬਿਲਕੁੱਲ ਆਮ ਹੈ ਤੇ ਅਜਿਹਾ ਕੋਈ ਬਾਹਰੀ ਕਾਰਕ ਪ੍ਰਤੀਤ ਨਹੀਂ ਹੁੰਦਾ ਹੈ, ਜੋ ਅੰਕਾਂ ਨੂੰ ਪ੍ਰਭਾਵਿਤ ਕਰਦਾ ਨਜ਼ਰ ਆਉਂਦਾ ਹੋਵੇ। ਉਸ ਨੇ ਹਲਫਨਾਮੇ ਵਿਚ ਪ੍ਰਸ਼ਨ ਪੱਤਰਾਂ ਦੀ ਛਪਾਈ, ਉਸ ਨੂੰ ਲਿਆਉਣ-ਲਿਜਾਣ ਤੇ ਉਸ ਦੀ ਵੰਡ ਦੇ ਲਈ ਸਥਾਪਿਤ ਵਿਵਸਥਾ ਦੀ ਜਾਣਕਾਰੀ ਲਈ। ਪੰਜ ਮਈ ਨੂੰ 23.33 ਲੱਖ ਤੋਂ ਵਧੇਰੇ ਵਿਦਿਆਰਥੀਆਂ ਨੇ 571 ਸ਼ਹਿਰਾਂ ਦੇ 4,750 ਕੇਂਦਰਾਂ 'ਤੇ ਨੀਟ ਯੂਜੀ ਪ੍ਰੀਖਿਆ ਦਿੱਤੀ ਸੀ। ਇਨ੍ਹਾਂ ਸ਼ਹਿਰਾਂ ਵਿਚ 14 ਵਿਦੇਸ਼ੀ ਸ਼ਹਿਰ ਵੀ ਸ਼ਾਮਲ ਸਨ।


author

DILSHER

Content Editor

Related News