ਸੁਪਰੀਮ ਕੋਰਟ ਨੇ ਬੇਟੀ ਇਲਤਿਜਾ ਨੂੰ ਦਿੱਤੀ ਮਹਿਬੂਬਾ ਮੁਫ਼ਤੀ ਨਾਲ ਮਿਲਣ ਦੀ ਮਨਜ਼ੂਰੀ

Thursday, Sep 05, 2019 - 12:23 PM (IST)

ਸੁਪਰੀਮ ਕੋਰਟ ਨੇ ਬੇਟੀ ਇਲਤਿਜਾ ਨੂੰ ਦਿੱਤੀ ਮਹਿਬੂਬਾ ਮੁਫ਼ਤੀ ਨਾਲ ਮਿਲਣ ਦੀ ਮਨਜ਼ੂਰੀ

ਨਵੀਂ ਦਿੱਲੀ/ਜੰਮੂ— ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਦੀ ਬੇਟੀ ਇਲਤਿਜਾ ਮੁਫ਼ਤੀ ਇਕ ਮਹੀਨੇ ਤੋਂ ਨਜ਼ਰਬੰਦ ਆਪਣੀ ਮਾਂ ਨੂੰ ਮਿਲ ਸਕਦੀ ਹੈ। ਸੁਪਰੀਮ ਕੋਰਟ ਨੇ ਚੇਨਈ 'ਚ ਰਹੀ ਇਲਤਿਜਾ ਨੂੰ ਇਸ ਦੀ ਮਨਜ਼ੂਰੀ ਦੇ ਦਿੱਤੀ ਹੈ। ਇਲਤਿਜਾ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕਰ ਕੇ ਆਪਣੀ ਮਾਂ ਮਹਿਬੂਬਾ ਨੂੰ ਮਿਲਣ ਦੀ ਇਜਾਜ਼ਤ ਦੇਣ ਦੀ ਗੁਹਾਰ ਲਗਾਈ ਸੀ।

ਜ਼ਿਕਰਯੋਗ ਹੈ ਕਿ ਮਹਿਬੂਬਾ ਮੁਫ਼ਤੀ ਬੀਤੇ ਇਕ ਮਹੀਨੇ ਤੋਂ ਨਜ਼ਰਬੰਦ ਹੈ। ਕੇਂਦਰ ਸਰਕਾਰ ਨੇ 5 ਅਗਸਤ ਨੂੰ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਸੰਵਿਧਾਨ ਦੀ ਧਾਰਾ-370 ਨੂੰ ਹਟਾ ਦਿੱਤਾ ਸੀ। ਇਸ ਦੇ ਮੱਦੇਨਜ਼ਰ ਜੰਮੂ-ਕਸ਼ਮੀਰ 'ਚ ਸ਼ਾਂਤੀ ਵਿਵਸਥਾ 'ਚ ਕੋਈ ਰੁਕਾਵਟ ਨਾ ਪਵੇ, ਇਸ ਲਈ ਕੁਝ ਚੌਕਸੀ ਕਦਮ ਚੁੱਕੇ ਗਏ ਸਨ। ਜਿਸ ਦੇ ਅਧੀਨ ਮਹਿਬੂਬਾ ਮੁਫ਼ਤੀ, ਉਮਰ ਅਬਦੁੱਲਾ ਸਮੇਤ ਰਾਜ ਦੇ ਪ੍ਰਮੁੱਖ ਨੇਤਾਵਾਂ ਨੂੰ ਹਾਊਸ ਅਰੈਸਟ (ਨਜ਼ਰਬੰਦ) ਕਰ ਲਿਆ ਗਿਆ। ਇਹ ਨੇਤਾ ਉਦੋਂ ਤੋਂ ਵੱਖ-ਵੱਖ ਥਾਂਵਾਂ 'ਤੇ ਨਜ਼ਰਬੰਦ ਹਨ।

ਨੇਤਾਵਾਂ ਦੀ ਨਜ਼ਰਬੰਦੀ ਵਿਰੁੱਧ ਵਿਰੋਧੀ ਪਾਰਟੀਆਂ ਅਤੇ ਸੰਬੰਧਤ ਪੱਖਾਂ ਨੇ ਜ਼ੋਰਦਾਰ ਵਿਰੋਧ ਕੀਤਾ। ਕੁਝ ਨੇ ਸੁਪਰੀਮ ਕੋਰਟ ਦਾ ਵੀ ਰੁਖ ਕੀਤਾ। ਮਹਿਬੂਬਾ ਦੀ ਬੇਟੀ ਇਲਤਿਜਾ ਵੀ ਇਨ੍ਹਾਂ 'ਚੋਂ ਇਕ ਹੈ। ਅੱਜ ਉਸ ਦੀ ਅਰਜ਼ੀ 'ਤੇ ਸੁਪਰੀਮ ਕੋਰਟ ਨੇ ਸੁਣਵਾਈ ਕੀਤੀ ਅਤੇ ਉਸ ਦੀ ਮੰਗ ਮੰਨ ਲਈ।


author

DIsha

Content Editor

Related News