ਅੱਜ ਨਿਕਲੇਗੀ ਜਗਨਨਾਥ ਰਥ ਯਾਤਰਾ, ਸੁਪਰੀਮ ਕੋਰਟ ਨੇ ਸ਼ਰਤਾਂ ਨਾਲ ਦਿੱਤੀ ਮਨਜ਼ੂਰੀ
Tuesday, Jun 23, 2020 - 01:11 AM (IST)
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਓਡੀਸ਼ਾ 'ਚ ਪੁਰੀ ਜਗਨਨਾਥ ਰਥ ਯਾਤਰਾ ਨੂੰ ਸੋਮਵਾਰ ਨੂੰ ਸ਼ਰਤਾਂ ਨਾਲ ਹਰੀ ਝੰਡੀ ਦੇ ਦਿੱਤੀ। ਇਹ ਰਥ ਯਾਤਰਾ ਮੰਗਲਵਾਰ ਨੂੰ ਹੋਣੀ ਹੈ। ਮੁੱਖ ਜੱਜ ਸ਼ਰਦ ਅਰਵਿੰਦ ਬੋਬਡੇ, ਜੱਜ ਏ.ਐੱਸ. ਬੋਪੰਨਾ ਅਤੇ ਜੱਜ ਦਿਨੇਸ਼ ਮਹੇਸ਼ਵਰੀ ਦੀ ਡਿਵੀਜ਼ਨ ਬੈਂਚ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਮਿਲ ਕੇ ਰਥ ਯਾਤਰਾ ਕੱਢਣਗੇ ਅਤੇ ਸੁਰੱਖਿਆ ਦੇ ਉਪਾਅ ਕਰਣਗੇ। ਆਦੇਸ਼ ਸੁਣਾਉਂਦੇ ਸਮੇਂ ਮੁੱਖ ਜੱਜ ਦਾ ਮਾਇਕ ਵਿਚ-ਵਿਚ ਬੰਦ ਹੋ ਗਿਆ। ਬਾਅਦ 'ਚ ਉਨ੍ਹਾਂ ਕਿਹਾ ਕਿ ਡਿਵੀਜ਼ਨ ਬੈਂਚ ਦੇ ਦੋਵੇਂ ਸਾਥੀ ਜੱਜਾਂ ਦੇ ਆਦੇਸ਼ ਦੀ ਕਾਪੀ ਦੇਖ ਲੈਣ ਤੋਂ ਬਾਅਦ ਸਬੰਧਤ ਵੇਰਵਾ ਆਦੇਸ਼ ਵੈਬਸਾਈਟ 'ਤੇ ਅਪਲੋਡ ਕੀਤਾ ਜਾਵੇਗਾ। ਜੱਜ ਬੋਬਡੇ ਨੇ ਕਿਹਾ ਕਿ ਸੂਬਾ ਸਰਕਾਰ ਜਨਤਕ ਸਿਹਤ ਅਤੇ ਸੁਰੱਖਿਆ ਨੂੰ ਖਤਰੇ 'ਚ ਦੇਖ ਕੇ ਸ਼ਰਧਾਲੂਆਂ ਨੂੰ ਰੋਕਣ ਲਈ ਆਜ਼ਾਦ ਹਨ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਨੂੰ ਇਹ ਨਹੀਂ ਕਹਿ ਰਹੇ ਕਿ ਉਸ ਨੂੰ ਕੀ ਕਰਣਾ ਚਾਹੀਦਾ ਹੈ ਪਰ ਅਸੀਂ ਕੁੱਝ ਸ਼ਰਤਾਂ ਦੇ ਨਾਲ ਰਥ ਯਾਤਰਾ ਦੀ ਮਨਜ਼ੂਰੀ ਦੇ ਰਹੇ ਹਾਂ।
ਕੇਂਦਰ ਨੇ ਯਾਤਰਾ ਦੇ ਪ੍ਰਬੰਧ 'ਤੇ ਰੋਕ ਲਗਾਉਣ ਵਾਲੇ ਚੋਟੀ ਦੇ ਅਦਾਲਤ ਦੇ 18 ਜੂਨ ਦੇ ਫੈਸਲੇ 'ਚ ਸੁਧਾਰ ਦੀ ਅਪੀਲ ਕਰਦੇ ਹੋਏ ਕਿਹਾ ਕਿ ਸਦੀਆਂ ਦੀ ਪਰੰਪਰਾ ਨੂੰ ਰੋਕਿਆ ਨਹੀਂ ਜਾ ਸਕਦਾ। ਜੱਜ ਅਰੁਣ ਮਿਸ਼ਰਾ ਦੀ ਪ੍ਰਧਾਨਗੀ ਵਾਲੀ ਬੈਂਚ ਸਾਹਮਣੇ ਮਾਮਲੇ ਬਾਰੇ ਚਰਚਾ ਕਰਦੇ ਹੋਏ ਸਾਲਿਸਿਟਰ ਜਨਰਲ ਤੁਸ਼ਾਰ ਮੇਹਤਾ ਨੇ ਕਿਹਾ ਕਿ ਇਹ ਕਈ ਕਰੋਡ਼ ਲੋਕਾਂ ਦੀ ਸ਼ਰਧਾ ਦਾ ਮਾਮਲਾ ਹੈ। ਜੇਕਰ ਭਗਵਾਨ ਜਗਨਨਾਥ ਨੂੰ ਕੱਲ ਬਾਹਰ ਨਹੀਂ ਲਿਆਇਆ ਗਿਆ ਤਾਂ ਪਰੰਪਰਾ ਮੁਤਾਬਕ ਉਨ੍ਹਾਂ ਨੂੰ ਅਗਲੇ 12 ਸਾਲ ਤੱਕ ਬਾਹਰ ਨਹੀਂ ਕੱਢਿਆ ਜਾ ਸਕਦਾ ਹੈ। ਮੇਹਤਾ ਨੇ ਕਿਹਾ ਕਿ ਸੂਬਾ ਸਰਕਾਰ ਇੱਕ ਦਿਨ ਲਈ ਕਰਫਿਊ ਲਗਾ ਸਕਦੀ ਹੈ। ਓਡੀਸ਼ਾ ਸਰਕਾਰ ਨੇ ਵੀ ਚੋਟੀ ਦੀ ਅਦਾਲਤ 'ਚ ਕੇਂਦਰ ਦੇ ਰੁਖ਼ ਦਾ ਸਮਰਥਨ ਕੀਤਾ। ਇਸ ਤੋਂ ਬਾਅਦ ਜੱਜ ਬੋਬਡੇ ਨੇ ਆਦੇਸ਼ ਲਿਖਵਾਉਣਾ ਸ਼ੁਰੂ ਕੀਤਾ। ਮੁੱਖ ਜੱਜ ਨੇ ਸੁਣਵਾਈ ਦੇ ਸ਼ੁਰੂ 'ਚ ਹੀ ਸਪੱਸ਼ਟ ਕਰ ਦਿੱਤਾ ਕਿ ਉਹ ਸਿਰਫ ਪੁਰੀ ਦੀ ਰਥ ਯਾਤਰਾ ਲਈ ਹੀ ਆਦੇਸ਼ 'ਚ ਸੋਧ 'ਤੇ ਵਿਚਾਰ ਕਰ ਰਹੇ ਹਨ, ਨਾ ਕਿ ਪੂਰੇ ਸੂਬੇ 'ਚ।
ਕੋਰੋਨਾ ਨੈਗੇਟਿਵ ਸੇਵਾਦਾਰ ਰਥ ਖਿੱਚਣਗੇ
ਓਡੀਸ਼ਾ ਸਰਕਾਰ ਵਲੋਂ ਪੇਸ਼ ਸੀਨੀਅਰ ਵਕੀਲ ਹਰੀਸ਼ ਸਾਲਵੇ ਨੇ ਦੱਸਿਆ ਕਿ ਸੇਵਾਦਾਰ ਰਥ ਨੂੰ ਖਿੱਚਣਗੇ ਅਤੇ ਇਹ ਸੇਵਾਦਾਰ ਕੋਰੋਨਾ ਨੈਗੇਟਿਵ ਹਨ।