ਦੇਸ਼ ਦੇ 47ਵੇਂ ਚੀਫ ਜਸਟਿਸ ਬਣੇ ਜਸਟਿਸ ਬੋਬੜੇ, ਰਾਸ਼ਟਰਪਤੀ ਨੇ ਚੁਕਾਈ ਸਹੁੰ

11/18/2019 10:42:18 AM

ਨਵੀਂ ਦਿੱਲੀ— ਜਸਟਿਸ ਸ਼ਰਦ ਅਰਵਿੰਦ ਬੋਬੜੇ ਨੇ ਸੋਮਵਾਰ ਭਾਵ ਅੱਜ ਭਾਰਤ ਦੇ 47ਵੇਂ ਚੀਫ ਜਸਟਿਸ ਵਜੋਂ ਸਹੁੰ ਚੁੱਕੀ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਜਸਟਿਸ ਬੋਬੜੇ ਨੂੰ ਭਾਰਤ ਦੇ ਚੀਫ ਜਸਟਿਸ ਵਜੋਂ ਸਹੁੰ ਚੁਕਾਈ। ਇੱਥੇ ਦੱਸ ਦੇਈਏ ਕਿ ਸਾਬਕਾ ਚੀਫ ਜਸਟਿਸ ਰੰਜਨ ਗੋਗੋਈ 17 ਨਵੰਬਰ ਨੂੰ ਆਪਣੇ ਅਹੁਦੇ ਤੋਂ ਸੇਵਾ ਮੁਕਤ ਹੋ ਗਏ ਹਨ। ਉਨ੍ਹਾਂ ਨੇ ਹੀ ਚੀਫ ਜਸਟਿਸ ਲਈ ਬੋਬੜੇ ਦੇ ਨਾਮ ਦੀ ਸਿਫਾਰਿਸ਼ ਕੀਤੀ ਸੀ। 63 ਸਾਲਾ ਜਸਟਿਸ ਬੋਬੜੇ ਨੇ ਰੰਜਨ ਗੋਗੋਈ ਦੀ ਥਾਂ ਲਈ ਹੈ।

PunjabKesari

ਹਾਲ ਹੀ 'ਚ ਆਏ ਅਯੁੱਧਿਆ ਦੇ ਰਾਮ ਜਨਮ ਭੂਮੀ-ਬਾਬਰੀ ਮਸਜਿਦ ਵਿਵਾਦ ਫੈਸਲੇ ਦੀ ਸੁਣਵਾਈ ਕਰਨ ਵਾਲੀ ਬੈਂਚ 'ਚ ਜਸਟਿਸ ਬੋਬੜੇ ਵੀ ਸ਼ਾਮਲ ਸਨ। ਜਸਟਿਸ ਬੋਬੜੇ ਚੀਫ ਜਸਟਿਸ ਦੇ ਰੂਪ ਵਿਚ 18 ਮਹੀਨੇ ਕੰਮ ਕਰਨਗੇ। ਉਹ 23 ਅਪ੍ਰੈਲ 2021 ਨੂੰ ਸੇਵਾ ਮੁਕਤ ਹੋਣਗੇ। ਜਸਟਿਸ ਬੋਬੜੇ ਸਾਹਮਣੇ ਕਈ ਵੱਡੇ ਫੈਸਲੇ ਹੋਣਗੇ, ਜਿਨ੍ਹਾਂ 'ਤੇ ਉਨ੍ਹਾਂ ਨੂੰ ਫੈਸਲੇ ਸੁਣਾਉਣਾ ਹੋਵੇਗਾ। ਸਬਰੀਮਾਲਾ ਮੰਦਰ ਵਿਵਾਦ ਨੂੰ ਹੁਣ ਵੱਡੀ ਬੈਂਚ ਨੂੰ ਸੌਂਪਿਆ ਗਿਆ ਹੈ, ਅਜਿਹੇ ਵਿਚ ਬਤੌਰ ਚੀਫ ਜਸਟਿਸ ਇਸ ਬੈਂਚ ਦਾ ਹਿੱਸਾ ਹੋਣਗੇ। 

PunjabKesari


ਆਓ ਜਾਣਦੇ ਹਾਂ ਕੌਣ ਨੇ ਜਸਟਿਸ ਬੋਬੜੇ—
ਚੀਫ ਜਸਟਿਸ ਬੋਬੜੇ ਦਾ ਜਨਮ ਮਹਾਰਾਸ਼ਟਰ ਦੇ ਨਾਗਪੁਰ 'ਚ 24 ਅਪ੍ਰੈਲ 1956 ਨੂੰ ਹੋਇਆ। ਜਸਟਿਸ ਬੋਬੜੇ ਮਹਾਰਾਸ਼ਟਰ ਦੇ ਵਕੀਲ ਪਰਿਵਾਰ ਨਾਲ ਸੰਬੰਧ ਰੱਖਦੇ ਹਨ, ਉਨ੍ਹਾਂ ਦੇ ਪਿਤਾ ਅਰਵਿੰਦ ਸ਼੍ਰੀਨਿਵਾਸ ਬੋਬੜੇ ਵੀ ਮਸ਼ਹੂਰ ਵਕੀਲ ਸਨ। ਉਨ੍ਹਾਂ ਨੇ ਨਾਗਪੁਰ ਯੂਨੀਵਰਸਿਟੀ ਤੋਂ ਕਲਾ ਅਤੇ ਕਾਨੂੰਨ 'ਚ ਗਰੈਜੂਏਟ ਦੀ ਡਿਗਰੀ ਹਾਸਲ ਕੀਤੀ। ਉਹ 1978 'ਚ ਬਾਰ ਕੌਂਸਲ ਆਫ ਮਹਾਰਾਸ਼ਟਰ 'ਚ ਰਜਿਸਟਰਡ ਹੋਏ ਅਤੇ 1998 'ਚ ਸੀਨੀਅਰ ਵਕੀਲ ਵਜੋਂ ਆਪਣੀਆਂ ਸੇਵਾਵਾਂ ਦਿੱਤੀਆਂ। ਜਸਟਿਸ ਬੋਬੜੇ 29 ਮਾਰਚ 2000 ਨੂੰ ਬੰਬਈ ਹਾਈ ਕੋਰਟ 'ਚ ਐਡੀਸ਼ਨਲ ਜੱਜ ਨਿਯੁਕਤ ਹੋਏ। ਉਹ 16 ਅਕਤੂਬਰ 2012 ਨੂੰ ਮੱਧ ਪ੍ਰਦੇਸ਼ ਹਾਈ ਕੋਰਟ ਦੇ ਮੁੱਖ ਜੱਜ ਬਣੇ। 12 ਅਪ੍ਰੈਲ 2013 ਨੂੰ ਉਹ ਸੁਪਰੀਮ ਕੋਰਟ ਦੇ ਜੱਜ ਬਣੇ।


Tanu

Content Editor

Related News