ਪੀ. ਐੱਮ. ਮੋਦੀ ਨੂੰ ਮਿਲੇ ਸੰਨੀ ਦਿਓਲ, ਕਿਹਾ- ਹਿੰਦੋਸਤਾਨ ਜ਼ਿੰਦਾਬਾਦ ਸੀ, ਹੈ ਅਤੇ ਰਹੇਗਾ

Sunday, Apr 28, 2019 - 06:19 PM (IST)

ਨਵੀਂ ਦਿੱਲੀ— ਬਾਲੀਵੁੱਡ ਅਦਾਕਾਰ ਅਤੇ ਭਾਜਪਾ ਵਲੋਂ ਗੁਰਦਾਸਪੁਰ ਸੀਟ ਤੋਂ ਉਮੀਦਵਾਰ ਐਲਾਨੇ ਗਏ ਸੰਨੀ ਦਿਓਲ ਅੱਜ ਯਾਨੀ ਕਿ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ। ਨਰਿੰਦਰ ਮੋਦੀ ਨੇ ਬਹੁਤ ਹੀ ਗਰਮਜੋਸ਼ੀ ਨਾਲ ਸੰਨੀ ਦਿਓਲ ਨਾਲ ਹੱਥ ਮਿਲਾਇਆ ਅਤੇ ਉਨ੍ਹਾਂ ਨੂੰ ਕਿਹਾ ਕਿ ਉਹ ਅਤੇ ਭਾਜਪਾ ਦੀ ਪੂਰੀ ਟੀਮ ਤੁਹਾਡੇ ਨਾਲ ਹੈ, ਅਸੀਂ ਸਾਰੇ ਗੁਰਦਾਸਪੁਰ ਵਿਚ ਉਨ੍ਹਾਂ ਦੀ ਜਿੱਤ ਲਈ ਆਸਵੰਦ ਹਾਂ।

 

PunjabKesari

ਪੀ. ਐੱਮ. ਮੋਦੀ ਨੇ ਆਪਣੇ ਟਵਿੱਟਰ ਹੈਂਡਲ 'ਚੌਕੀਦਾਰ ਨਰਿੰਦਰ ਮੋਦੀ' ਤੋਂ ਟਵੀਟ ਕਰਦਿਆਂ ਲਿਖਿਆ, ''@iamsunnydeol (ਸੰਨੀ ਦਿਓਲ) ਦੀ ਨਿਮਰਤਾ ਅਤੇ ਬਿਹਤਰ ਭਾਰਤ ਲਈ ਉਨ੍ਹਾਂ ਦੇ ਜਨੂੰਨ ਨੇ ਮੈਨੂੰ ਪ੍ਰਭਾਵਿਤ ਕੀਤਾ ਹੈ। ਅੱਜ ਉਨ੍ਹਾਂ ਨੂੰ ਮਿਲ ਕੇ ਖੁਸ਼ੀ ਹੋਈ। ਅਸੀਂ ਗੁਰਦਾਸਪੁਰ 'ਚ ਉਨ੍ਹਾਂ ਦੀ ਜਿੱਤ ਲਈ ਆਸਵੰਦ ਹਾਂ!'' ਇਸ ਦੇ ਨਾਲ ਹੀ ਮੋਦੀ ਨੇ ਉਨ੍ਹਾਂ ਦੀ ਸੁਪਰਹਿੱਟ ਫਿਲਮ 'ਗਦਰ' ਦਾ ਡਾਇਲਾਗ ਬੋਲਦੇ ਹੋਏ ਕਿਹਾ ਕਿ ਅਸੀਂ ਦੋਵੇਂ ਇਸ ਗੱਲ 'ਤੇ ਸਹਿਮਤ ਹਾਂ- ਹਿੰਦੋਸਤਾਨ ਜ਼ਿੰਦਾਬਾਦ ਸੀ, ਹੈ ਅਤੇ ਰਹੇਗਾ। ਇਹ ਮੋਦੀ ਨੇ ਟਵਿੱਟਰ 'ਤੇ ਸੰਨੀ ਦਿਓਲ ਨਾਲ ਹੱਥ ਮਿਲਾਉਂਦਿਆਂ ਦੀ ਤਸਵੀਰ ਵੀ ਸ਼ੇਅਰ ਕੀਤੀ ਹੈ।


ਜ਼ਿਕਰਯੋਗ ਹੈ ਕਿ ਸੰਨੀ ਦਿਓਲ ਨੂੰ ਹਾਲ ਹੀ 'ਚ ਭਾਜਪਾ ਨੇ ਗੁਰਦਾਸਪੁਰ ਸੀਟ ਤੋਂ ਟਿਕਟ ਦਿੱਤੀ ਹੈ। ਮਰਹੂਮ ਅਦਾਕਾਰ ਵਿਨੋਦ ਖੰਨਾ ਨੇ 4 ਵਾਰ ਇਹ ਸੀਟ ਭਾਜਪਾ ਲਈ ਜਿੱਤੀ ਸੀ। ਸੰਨੀ ਦਿਓਲ ਮਸ਼ਹੂਰ ਅਦਾਕਾਰ ਧਰਮਿੰਦਰ ਦੇ ਪੁੱਤਰ ਹਨ। ਟਿਕਟ ਮਿਲਣ ਤੋਂ ਬਾਅਦ ਪਹਿਲੀ ਵਾਰ ਉਹ ਅੰਮ੍ਰਿਤਸਰ ਪਹੁੰਚੇ ਹਨ, ਜਿੱਥੇ ਸੰਨੀ ਸ੍ਰੀ ਦਰਬਾਰ ਸਾਹਿਬ 'ਚ ਨਤਮਸਤਕ ਹੋਣ ਮਗਰੋਂ 29 ਅਪ੍ਰੈਲ ਯਾਨੀ ਕਿ ਸੋਮਵਾਰ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨਗੇ ਅਤੇ ਗੁਰਦਾਸਪੁਰ ਦੇ ਲੋਕਾਂ ਦੇ ਰੂ-ਬ-ਰੂ ਹੋਣਗੇ। ਸੰਨੀ ਦਿਓਲ ਦਾ ਮੁਕਾਬਲਾ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਨਾਲ ਹੋਵੇਗਾ।


Tanu

Content Editor

Related News