ਸੁਨੰਦਾ ਪੁਸ਼ਕਰ ਦਾ ਕਾਤਲ ਕੌਣ? ਪਤੀ ਥਰੂਰ ਖ਼ਿਲਾਫ਼ ਮੁਕੱਦਮਾ ਚੱਲੇਗਾ ਜਾਂ ਨਹੀਂ, 18 ਅਗਸਤ ਨੂੰ ਹੋਵੇਗਾ ਫ਼ੈਸਲਾ

07/27/2021 4:26:12 PM

ਨਵੀਂ ਦਿੱਲੀ (ਭਾਸ਼ਾ)— ਦਿੱਲੀ ਦੀ ਇਕ ਅਦਾਲਤ ਨੇ ਮੰਗਲਵਾਰ ਯਾਨੀ ਕਿ ਅੱਜ ਕਾਂਗਰਸ ਨੇਤਾ ਸ਼ਸ਼ੀ ਥਰੂਰ ਦੀ ਪਤਨੀ ਸੁਨੰਦਾ ਪੁਸ਼ਕਰ ਦੀ ਮੌਤ ਨਾਲ ਸਬੰਧਤ ਮਾਮਲੇ ’ਚ ਥਰੂਰ ਖ਼ਿਲਾਫ਼ ਮੁਕੱਦਮਾ ਚਲਾਉਣ ਜਾਂ ਨਾ ਚਲਾਉਣ ’ਤੇ ਆਦੇਸ਼ ਨੂੰ 3 ਹਫ਼ਤਿਆਂ ਲਈ ਮੁਲਤਵੀ ਕਰ ਦਿੱਤਾ ਹੈ। ਸੁਨੰਦਾ ਪੁਸ਼ਕਰ 17 ਜਨਵਰੀ 2014 ਦੀ ਰਾਤ ਦਿੱਲੀ ਦੇ ਇਕ ਲਗਜ਼ਰੀ ਹੋਟਲ ਦੇ ਕਮਰੇ ਵਿਚ ਮਿ੍ਰਤਕ ਮਿਲੀ ਸੀ। ਸੁਨੰਦਾ ਪੁਸ਼ਕਰ ਅਤੇ ਥਰੂਰ ਹੋਟਲ ’ਚ ਠਹਿਰੇ ਹੋਏ ਸਨ, ਕਿਉਂਕਿ ਉਸ ਸਮੇਂ ਥਰੂਰ ਦੇ ਅਧਿਕਾਰਤ ਬੰਗਲੇ ਦਾ ਨਵੀਨੀਕਰਨ ਕੀਤਾ ਜਾ ਰਿਹਾ ਸੀ। ਜਸਟਿਸ ਗੀਤਾਂਜਲੀ ਗੋਇਲ, ਥਰੂਰ ਖ਼ਿਲਾਫ਼ ਦੋਸ਼ ਪੱਤਰ ਤੈਅ ਕਰਨ ’ਤੇ ਆਦੇਸ਼ ਸੁਣਾਉਣ ਵਾਲੀ ਸੀ। ਉਨ੍ਹਾਂ ਨੇ ਇਸਤਗਾਸਾ ਪੱਖ ਨੂੰ ਕੁਝ ਦਸਤਾਵੇਜ਼ ਦਾਖ਼ਲ ਕਰਨ ਦੀ ਆਗਿਆ ਦਿੰਦੇ ਹੋਏ ਮਾਮਲੇ ਦੀ ਸੁਣਵਾਈ 18 ਅਗਸਤ ਤੱਕ ਲਈ ਮੁਲਤਵੀ ਕਰ ਦਿੱਤੀ। ਦਸਤਾਵੇਜ਼ਾਂ ’ਚ ਲਿਖਤੀ ਟਿੱਪਣੀਆਂ ਦੇ ਨਾਲ-ਨਾਲ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਵੱਖ-ਵੱਖ ਫ਼ੈਸਲਿਆਂ ਦੇ ਨਾਲ-ਨਾਲ ਲਿਖਤੀ ਦਲੀਲਾਂ ਵੀ ਸ਼ਾਮਲ ਹਨ। 

PunjabKesari

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਦਾਲਤ ਨੇ ਕੋਵਿਡ-19 ਮਹਾਮਾਰੀ ਨੂੰ ਵੇਖਦੇ ਹੋਏ ਮਾਮਲੇ ਦੀ ਸੁਣਵਾਈ ਨੂੰ ਮੰਗਲਵਾਰ ਯਾਨੀ ਕਿ ਅੱਜ ਤੱਕ ਲਈ ਮੁਲਤਵੀ ਕਰ ਦਿੱਤਾ ਸੀ। ਅਦਾਲਤ ਨੇ ਦਿੱਲੀ ਪੁਲਸ ਦੇ ਨਾਲ-ਨਾਲ ਥਰੂਰ ਦੇ ਵਕੀਲ ਦੀਆਂ ਦਲੀਲਾਂ ਸੁਣਨ ਮਗਰੋਂ ਆਦੇਸ਼ ਸੁਰੱਖਿਅਤ ਰੱਖ ਲਿਆ ਸੀ। ਦਲੀਲਾਂ ਦੌਰਾਨ ਇਕ ਪਾਸੇ ਪੁਲਸ ਨੇ 306 (ਖ਼ੁਦਕੁਸ਼ੀ ਲਈ ਉਕਸਾਉਣ) ਸਮੇਤ ਵੱਖ-ਵੱਖ ਦੋਸ਼ ਤੈਅ ਕਰਨ ਦੀ ਮੰਗ ਕੀਤੀ ਸੀ, ਤਾਂ ਦੂਜੇ ਪਾਸੇ ਥਰੂਰ ਵਲੋਂ ਪੇਸ਼ ਸੀਨੀਅਰ ਵਕੀਲ ਵਿਕਾਸ ਪਾਹਵਾ ਨੇ ਅਦਾਲਤ ਨੂੰ ਦੱਸਿਆ ਕਿ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਵਲੋਂ ਕੀਤੀ ਗਈ ਜਾਂਚ ਵਿਚ ਥਰੂਰ ਨੂੰ ਪੂਰੀ ਤਰ੍ਹਾਂ ਦੋਸ਼ ਮੁਕਤ ਕਰ ਦਿੱਤਾ ਗਿਆ ਸੀ। 

PunjabKesari

ਪਾਹਵਾ ਨੇ ਮਾਮਲੇ ਵਿਚ ਥਰੂਰ ਨੂੰ ਦੋਸ਼ ਮੁਕਤ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਖ਼ਿਲਾਫ਼ ਭਾਰਤੀ ਸਜ਼ਾ ਜ਼ਾਬਤਾ (ਆਈ. ਪੀ. ਸੀ.) ਦੀ ਧਾਰਾ 498ਏ ਜਾਂ 306 ਦੇ ਤਹਿਤ ਸਜ਼ਾ ਯੋਗ ਅਪਰਾਧ ਸਾਬਤ ਕਰਨ ਲਈ ਕੋਈ ਸਬੂਤ ਨਹੀਂ ਹਨ। ਥਰੂਰ ’ਤੇ ਦਿੱਲੀ ਪੁਲਸ ਵਲੋਂ ਆਈ. ਪੀ. ਸੀ. ਦੀ ਧਾਰਾ 498ਏ ਜਾਂ 306 ਦੇ ਤਹਿਤ ਦੋਸ਼ ਲਾਏ ਗਏ ਸਨ ਪਰ ਇਸ ਮਾਮਲੇ ਵਿਚ ਉਨ੍ਹਾਂ ਨੂੰ ਗਿ੍ਰਫ਼ਤਾਰ ਨਹੀਂ ਕੀਤਾ ਗਿਆ ਸੀ। ਉਨ੍ਹਾਂ ਨੂੰ 5 ਜੁਲਾਈ 2018 ਨੂੰ ਜ਼ਮਾਨਤ ਦੇ ਦਿੱਤੀ ਗਈ ਸੀ।


Tanu

Content Editor

Related News