ਪੰਜਾਬ ''ਚ ਫਿਰ ਵੱਜਾ ਚੋਣ ਬਿਗੁਲ, 18 ਜਨਵਰੀ ਨੂੰ ਪੈਣਗੀਆਂ ਵੋਟਾਂ

Monday, Jan 05, 2026 - 06:50 PM (IST)

ਪੰਜਾਬ ''ਚ ਫਿਰ ਵੱਜਾ ਚੋਣ ਬਿਗੁਲ, 18 ਜਨਵਰੀ ਨੂੰ ਪੈਣਗੀਆਂ ਵੋਟਾਂ

ਚੰਡੀਗੜ : ਰਾਜ ਚੋਣ ਕਮਿਸ਼ਨ ਨੇ ਜ਼ਿਲ੍ਹਾ ਗੁਰਦਾਸਪੁਰ ਅਤੇ ਤਰਨਤਾਰਨ ਦੀਆਂ ਗ੍ਰਾਮ ਪੰਚਾਇਤਾਂ ਵਿੱਚ ਸਰਪੰਚਾਂ ਅਤੇ ਪੰਚਾਂ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਭਰਨ ਲਈ ਚੋਣਾਂ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ। ਕਮਿਸ਼ਨ ਵੱਲੋਂ 05 ਜਨਵੀਰ ਨੂੰ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਅਨੁਸਾਰ, ਇਨ੍ਹਾਂ ਚੋਣਾਂ ਲਈ ਪ੍ਰਕਿਰਿਆ ਸ਼ੁਰੂ ਹੋ ਗਈ ਹੈ।

ਨੋਟੀਫਾਈਡ ਪ੍ਰੋਗਰਾਮ ਦੇ ਅਨੁਸਾਰ, ਉਮੀਦਵਾਰਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਅੰਤਿਮ ਮਿਤੀ 8 ਜਨਵਰੀ ਦਿਨ ਵੀਰਵਾਰ ਤੈਅ ਕੀਤੀ ਗਈ ਹੈ। ਵੋਟਾਂ 18 ਜਨਵਰੀ ਦਿਨ ਐਤਵਾਰ ਨੂੰ ਪੈਣਗੀਆਂ। ਵੋਟਾਂ ਦੀ ਗਿਣਤੀ ਵੀ ਉਸੇ ਦਿਨ ਚੋਣ ਅਮਲ ਖ਼ਤਮ ਹੋਣ ਤੋਂ ਤੁਰੰਤ ਬਾਅਦ ਪੋਲਿੰਗ ਸਟੇਸ਼ਨਾਂ ’ਤੇ ਹੀ ਕੀਤੀ ਜਾਵੇਗੀ। ਸਮੁੱਚੀ ਚੋਣ ਪ੍ਰਕਿਰਿਆ 19 ਜਨਵਰੀ 2026 ਤੱਕ ਮੁਕੰਮਲ ਕਰ ਲਈ ਜਾਵੇਗੀ।

ਕਿਹੜੀਆਂ ਪੰਚਾਇਤਾਂ ਵਿੱਚ ਹੋਣਗੀਆਂ ਚੋਣਾਂ

ਜ਼ਿਲ੍ਹਾ ਗੁਰਦਾਸਪੁਰ: ਕਲਾਨੌਰ ਮੋਜੋਵਾਲ, ਕਲਾਨੌਰ ਪੁਰਾਣੀ, ਕਲਾਨੌਰ ਪੀ.ਏ.ਪੀ, ਕਲਾਨੌਰ ਚੱਕਰੀ, ਕਲਾਨੌਰ ਢੱਕੀ ਅਤੇ ਕਲਾਨੌਰ ਜ਼ੈਲਦਾਰਾ।

ਜ਼ਿਲ੍ਹਾ ਤਰਨਤਾਰਨ: ਕਾਜ਼ੀ ਕੋਟ, ਨਾਲਾਗੜ੍ਹ, ਕੱਕਾ ਕੰਡਿਆਲਾ, ਪੰਡੋਰੀ ਗੋਲਾ ਅਤੇ ਮਾੜੀ ਕੰਬੋਕੇ।

ਆਦਰਸ਼ ਚੋਣ ਜ਼ਾਬਤਾ ਲਾਗੂ

ਚੋਣਾਂ ਦੇ ਐਲਾਨ ਦੇ ਨਾਲ ਹੀ ਸਬੰਧਤ ਗ੍ਰਾਮ ਪੰਚਾਇਤਾਂ ਦੇ ਰੈਵੀਨਿਊ ਅਧਿਕਾਰ ਖੇਤਰ ਵਿੱਚ ਆਦਰਸ਼ ਚੋਣ ਜ਼ਾਬਤਾ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤਾ ਗਿਆ ਹੈ। ਇਹ ਜ਼ਾਬਤਾ ਚੋਣ ਪ੍ਰਕਿਰਿਆ ਖਤਮ ਹੋਣ ਦੀ ਮਿਤੀ 19 ਜਨਵਰੀ ਤੱਕ ਲਾਗੂ ਰਹੇਗਾ। ਰਾਜ ਚੋਣ ਕਮਿਸ਼ਨ ਨੇ ਇਨ੍ਹਾਂ ਚੋਣਾਂ ਨੂੰ ਸੁਤੰਤਰ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਗੁਰਦਾਸਪੁਰ ਅਤੇ ਤਰਨਤਾਰਨ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰਾਂ ਨੂੰ ਸਾਰੇ ਲੋੜੀਂਦੇ ਪ੍ਰਬੰਧ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ।


author

DILSHER

Content Editor

Related News