ਸਕੂਲ ਦਾ ਪਹਿਲਾ ਦਿਨ ਬਣਿਆ ਆਖਰੀ, Silent Attack ਨੇ ਲਈ ਵਿਦਿਆਰਥੀ ਦੀ ਜਾਨ
Wednesday, Jul 02, 2025 - 04:24 PM (IST)

ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਤੋਂ ਇਕ ਬੇਹੱਦ ਦੁਖਦ ਖ਼ਬਰ ਸਾਹਮਣੇ ਆਈ ਹੈ, ਜਿੱਥੇ ਗਰਮੀ ਦੀਆਂ ਛੁੱਟੀਆਂ ਮਗਰੋਂ ਸਕੂਲ ਖੁੱਲ੍ਹਣ ਦੇ ਪਹਿਲੇ ਦਿਨ ਇਕ ਵਿਦਿਆਰਥੀ ਦੀ ਮੌਤ ਹੋ ਗਈ। ਮਾਮਲਾ ਦੇਵਾ ਕੋਤਵਾਲੀ ਖੇਤਰ ਦੇ ਘੇਰੀ ਬਿਸ਼ੁਨਪੁਰ ਪਿੰਡ ਦਾ ਹੈ, ਇੱਥੋਂ ਦੇ ਇਕ ਸਕੂਲ ਵਿਚ ਪੜ੍ਹਨ ਵਾਲੇ 12 ਸਾਲਾ ਵਿਦਿਆਰਥੀ ਅਖਿਲ ਪ੍ਰਤਾਪ ਸਿੰਘ ਦੀ ਸਕੂਲ ਪਹੁੰਚਦੇ ਹੀ ਸਿਹਤ ਵਿਗੜ ਗਈ ਅਤੇ ਥੋੜ੍ਹੀ ਦੇਰ ਵਿਚ ਹੀ ਉਸ ਦੀ ਮੌਤ ਹੋ ਗਈ।
ਪਿਤਾ ਨਾਲ ਸਕੂਲ ਆਇਆ ਸੀ ਅਖਿਲ
ਜਾਣਕਾਰੀ ਮੁਤਾਬਕ ਅਖਿਲ ਪ੍ਰਤਾਪ ਸਿੰਘ ਆਪਣੇ ਪਿਤਾ ਜਤਿੰਦਰ ਪ੍ਰਤਾਪ ਸਿੰਘ ਨਾਲ ਕਾਰ 'ਚ ਸਵਾਰ ਹੋ ਕੇ ਸਕੂਲ ਆਇਆ ਸੀ। ਸਕੂਲ ਦੇ ਗੇਟ 'ਤੇ ਪਹੁੰਚਦੇ ਹੀ ਉਹ ਅਚਾਨਕ ਬੇਹੋਸ਼ ਹੋ ਕੇ ਜ਼ਮੀਨ 'ਤੇ ਡਿੱਗ ਪਿਆ। ਮੌਕੇ 'ਤੇ ਮੌਜੂਦ ਲੋਕਾਂ ਨੇ ਤੁਰੰਤ ਉਸ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਨਾਜ਼ੁਕ ਦੱਸੀ ਅਤੇ ਉਸ ਨੂੰ ਲਖਨਊ ਦੇ ਚੰਦਨ ਹਸਪਤਾਲ ਰੈਫਰ ਕਰ ਦਿੱਤਾ ਪਰ ਰਾਹ ਵਿਚ ਹੀ ਉਸ ਦੀ ਮੌਤ ਹੋ ਗਈ।
ਪਰਿਵਾਰ ਬੋਲਿਆ- ਪੂਰੀ ਤਰ੍ਹਾਂ ਸਿਹਤਮੰਦ ਸੀ ਬੱਚਾ
ਅਖਿਲ ਦੇ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪੁੱਤਰ ਇਕ ਦਮ ਸਿਹਤਮੰਦ ਸੀ। ਉਸ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਬੀਮਾਰੀ ਨਹੀਂ ਸੀ ਅਤੇ ਨਾ ਹੀ ਉਸ ਦਾ ਕੋਈ ਇਲਾਜ ਚੱਲ ਰਿਹਾ ਸੀ। ਉਹ ਸਕੂਲ ਖੁੱਲ੍ਹਣ ਨੂੰ ਲੈ ਕੇ ਬਹੁਤ ਖੁਸ਼ ਸੀ ਅਤੇ ਉਤਸ਼ਾਹ ਨਾਲ ਘਰੋਂ ਨਿਕਲਿਆ ਸੀ। ਡਾਕਟਰਾਂ ਨੂੰ ਸ਼ੱਕ ਹੈ ਕਿ ਉਸ ਨੂੰ ਸਾਈਲੈਂਟ ਹਾਰਟ ਅਟੈਕ ਆਇਆ ਹੋ ਸਕਦਾ ਹੈ ਪਰ ਪੋਸਟਮਾਰਟਮ ਨਾ ਹੋਣ ਕਾਰਨ ਮੌਤ ਦੀ ਅਸਲੀ ਵਜ੍ਹਾ ਦਾ ਪਤਾ ਨਹੀਂ ਲੱਗ ਸਕਿਆ। ਪਰਿਵਾਰ ਨੇ ਭਾਵੁਕ ਹੋ ਕੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ।
ਸਕੂਲ 'ਚ ਪਸਰਿਆ ਮਾਤਮ, ਜਾਂਚ 'ਚ ਜੁਟੀ ਪੁਲਸ
ਇਸ ਘਟਨਾ ਮਗਰੋਂ ਸਕੂਲ ਵਿਚ ਮਾਤਮ ਦਾ ਮਾਹੌਲ ਹੈ। ਟੀਚਰ, ਸਟਾਫ ਅਤੇ ਸਾਥੀ ਵਿਦਿਆਰਥੀ ਸਾਰੇ ਸਦਮੇ ਵਿਚ ਹਨ। ਸਕੂਲ ਪ੍ਰਸ਼ਾਸਨ ਨੇ ਪਰਿਵਾਰ ਪ੍ਰਤੀ ਡੂੰਘੀ ਹਮਦਰਦੀ ਜ਼ਾਹਰ ਕੀਤੀ ਹੈ। ਉੱਥੇ ਹੀ ਪੁਲਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਅਖਿਲ ਦੀ ਅਚਾਨਕ ਮੌਤ ਨੇ ਛੋਟੇ ਬੱਚਿਆਂ ਵਿਚ ਦਿਲ ਦੀ ਬੀਮਾਰੀ ਅਤੇ ਹਾਰਟ ਅਟੈਕ ਵਰਗੇ ਗੰਭੀਰ ਮਾਮਲਿਆਂ 'ਤੇ ਚਿੰਤਾ ਵਧਾ ਦਿੱਤੀ ਹੈ।