ਯਾਸੀਨ ਮਲਿਕ ਦੀ ਸਜ਼ਾ ਦੇ ਵਿਰੋਧ ''ਚ ਪਥਰਾਅ, 10 ਗ੍ਰਿਫ਼ਤਾਰ

Thursday, May 26, 2022 - 02:13 PM (IST)

ਯਾਸੀਨ ਮਲਿਕ ਦੀ ਸਜ਼ਾ ਦੇ ਵਿਰੋਧ ''ਚ ਪਥਰਾਅ, 10 ਗ੍ਰਿਫ਼ਤਾਰ

ਸ਼੍ਰੀਨਗਰ (ਵਾਰਤਾ)- ਜੰਮੂ-ਕਸ਼ਮੀਰ ਲਿਬਰੇਸ਼ਨ ਫਰੰਟ (ਜੇ.ਕੇ.ਐੱਲ.ਐੱਫ.) ਦੇ ਮੁਖੀ ਯਾਸੀਨ ਮਲਿਕ ਦੀ ਰਿਹਾਇਸ਼ ਦੇ ਬਾਹਰ ਦੇਸ਼ ਵਿਰੋਧੀ ਨਾਅਰੇਬਾਜ਼ੀ ਕਰਨ ਅਤੇ ਪੁਲਸ ਅਤੇ ਸੁਰੱਖਿਆ ਫ਼ੋਰਸਾਂ 'ਤੇ ਪਥਰਾਅ ਕਰਨ ਦੇ ਦੋਸ਼ 'ਚ ਵੀਰਵਾਰ ਨੂੰ 10 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਯਾਸੀਨ ਮਲਿਕ ਨੂੰ ਸਜ਼ਾ ਸੁਣਾਏ ਜਾਣ ਵਾਲੇ ਦਿਨ ਹੀ ਸ਼੍ਰੀਨਗਰ ਦੇ ਮੈਸੂਮਾ ਇਲਾਕੇ ਵਿਚ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਫ਼ੋਰਸਾਂ ਵਿਚਾਲੇ ਝੜਪਾਂ ਹੋਈਆਂ ਸਨ। ਯਾਸੀਨ ਨੂੰ ਨਵੀਂ ਦਿੱਲੀ ਦੀ ਇਕ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਅਦਾਲਤ ਨੇ ਅੱਤਵਾਦ ਅਤੇ ਵੱਖਵਾਦੀ ਗਤੀਵਿਧੀਆਂ ਨਾਲ ਜੁੜੇ ਇਕ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਸਜ਼ਾ ਦੇ ਵਿਰੋਧ 'ਚ ਬੁੱਧਵਾਰ ਨੂੰ ਸ਼੍ਰੀਨਗਰ ਦੇ ਜ਼ਿਆਦਾਤਰ ਹਿੱਸੇ ਬੰਦ ਰਹੇ।

ਇਹ ਵੀ ਪੜ੍ਹੋ : ਅੱਤਵਾਦੀ ਫੰਡਿੰਗ ਕੇਸ ’ਚ ਯਾਸੀਨ ਮਲਿਕ ਨੂੰ ਹੋਈ ਉਮਰ ਕੈਦ ਦੀ ਸਜ਼ਾ

ਪੁਲਸ ਨੇ ਦੱਸਿਆ ਕਿ ਮਲਿਕ ਦੇ ਘਰ ਦੇ ਬਾਹਰ ਦੰਗੇ ਭੜਕਾਉਣ, ਦੇਸ਼ ਵਿਰੋਧੀ ਅਤੇ ਫਿਰਕੂ ਨਾਅਰੇਬਾਜ਼ੀ ਕਰਨ ਅਤੇ ਗੁੰਡਾਗਰਦੀ ਦੇ ਦੋਸ਼ਾਂ ਤਹਿਤ ਬੁੱਧਵਾਰ ਨੂੰ 10 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਈ ਥਾਵਾਂ 'ਤੇ ਅੱਧੀ ਰਾਤ ਨੂੰ ਛਾਪੇਮਾਰੀ ਅਤੇ ਗ੍ਰਿਫ਼ਤਾਰੀਆਂ ਹੋਈਆਂ ਹਨ। ਪੁਲਸ ਨੇ ਦੱਸਿਆ ਕਿ ਕੁਝ ਹੋਰ ਬਦਮਾਸ਼ਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਨ੍ਹਾਂ ਵਿੱਚੋਂ ਮੁੱਖ ਮੁਲਜ਼ਮਾਂ ਖ਼ਿਲਾਫ਼ ਪੀ.ਐੱਸ.ਏ. ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਨੂੰ ਸੂਬੇ ਤੋਂ ਬਾਹਰ ਦੀਆਂ ਜੇਲ੍ਹਾਂ ਵਿਚ ਰੱਖਿਆ ਜਾਵੇਗਾ। ਪੁਲਸ ਨੇ ਕਿਹਾ ਕਿ ਸ਼੍ਰੀਨਗਰ 'ਚ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਦੀ ਕਿਸੇ ਵੀ ਕੋਸ਼ਿਸ਼ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਮਨ-ਕਾਨੂੰਨ ਦੀ ਸਥਿਤੀ ਨੂੰ ਵਿਗਾੜਨ 'ਚ ਉਕਸਾਉਣ ਵਾਲਾ ਕੰਮ ਕਰੇਗਾ, ਉਸ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ। ਪੁਲਸ ਨੇ ਸ਼੍ਰੀਨਗਰ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੀ ਕਿਸੇ ਵੀ ਗਤੀਵਿਧੀ ਵਿਚ ਸ਼ਾਮਲ ਨਾ ਹੋਣ ਜਿਸ ਨਾਲ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਭਵਿੱਖ ਖਰਾਬ ਹੋਣ ਦੀ ਸੰਭਾਵਨਾ ਹੋਵੇ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News