ਤਾਮਿਲਨਾਡੂ ’ਚ 10 ਫੀਸਦੀ ਅੰਕ ਲੈ ਕੇ ਤੀਜੀ ਤਾਕਤ ਹੋਣ ਦਾ ਦਾਅਵਾ ਕਰ ਰਹੀ ਹੈ ਭਾਜਪਾ: ਸਟਾਲਿਨ

Monday, Apr 04, 2022 - 10:57 AM (IST)

ਨਵੀਂ ਦਿੱਲੀ– ਤਾਮਿਲਨਾਡੂ ਦੇ ਮੁੱਖ ਮੰਤਰੀ ਸਟਾਲਿਨ ਨੇ ਕਿਹਾ ਹੈ ਕਿ ਭਾਜਪਾ ਤਾਮਿਲਨਾਡੂ ’ਚ ਤੀਜੀ ਤਾਕਤ ਬਣ ਕੇ ਉਭਰਨ ਦਾ ਦਾਅਵਾ ਕਰ ਰਹੀ ਹੈ। ਉਨ੍ਹਾਂ ਐਤਵਾਰ ਕਿਹਾ ਕਿ ਇਹ ਕੁਝ ਇਸ ਤਰ੍ਹਾਂ ਹੈ ਜਿਵੇਂ ਇਕ ਵਿਦਿਆਰਥੀ ਪ੍ਰੀਖਿਆ ’ਚ 90 ਫੀਸਦੀ ਅੰਕ ਹਾਸਲ ਕਰੇ, ਦੂਜਾ 50 ਫੀਸਦੀ ਤੇ ਤੀਜਾ ਕਿਸੇ ਤਰ੍ਹਾਂ 10 ਫੀਸਦੀ ਲਏ।

ਇਕ ਖਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਮੰਨਣਾ ਗਲਤ ਹੈ ਕਿ ਭਾਜਪਾ ਨੇ ਕੁਝ ਦਿਨ ਪਹਿਲਾਂ 5 ਸੂਬਿਆਂ ’ਚ ਹੋਈਆਂ ਅਸੰਬਲੀ ਚੋਣਾਂ ’ਚ ਜਿੱਤ ਹਾਸਲ ਕੀਤੀ। ਚੋਣ ਨਤੀਜੇ ਭਾਜਪਾ ਲਈ ਨਾਂਹ ਪੱਖੀ ਰਹੇ ਹਨ। ਯੂ. ਪੀ. ’ਚ ਭਾਜਪਾ ਦੀਆਂ ਸੀਟਾਂ ਦੀ ਗਿਣਤੀ ’ਚ ਕਮੀ ਹੋਈ ਹੈ। ਉਸ ਦੇ ਉਪ ਮੁੱਖ ਮੰਤਰੀ ਸਮੇਤ 10 ਮੰਤਰੀ ਚੋਣ ਹਾਰ ਗਏ। ਗੋਆ ’ਚ ਵੀ ਭਾਜਪਾ ਦੇ ਕਈ ਚੋਟੀ ਦੇ ਆਗੂਆਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਉਤਰਾਖੰਡ ’ਚ ਭਾਜਪਾ ਦੇ ਮੁੱਖ ਮੰਤਰੀ ਤਕ ਆਪਣੀ ਸੀਟ ਨਹੀਂ ਬਚਾਅ ਸਕੇ। ਪੰਜਾਬ ’ਚ ਭਾਜਪਾ ਨੂੰ ਸਿਰਫ ਦੋ ਸੀਟਾਂ ਮਿਲੀਆਂ। ਦਿੱਲੀ ਦੇ ਤਿੰਨ ਦਿਨਾਂ ਦੌਰੇ ’ਤੇ ਆਏ ਹੋਏ ਸਟਾਲਿਨ ਨੇ ਕਿਹਾ ਕਿ 10 ਫੀਸਦੀ ਅੰਕ ਲੈਣ ਵਾਲਾ ਤੀਜੇ ਨੰਬਰ ’ਤੇ ਹੈ। ਉਹ ਖੁਦ ਨੂੰ ਤੀਜੀ ਤਾਕਤ ਹੋਣ ਦਾ ਦਾਅਵਾ ਕਰ ਰਿਹਾ ਹੈ।

ਉਨ੍ਹਾਂ ਕਿਹਾ ਕਿ ਮੈਂ ਦਿੱਲੀ ਦਾ ਦੌਰਾ ਖੁਦ ਲਈ ਨਹੀਂ, ਤਾਮਿਲਨਾਡੂ ਦੇ ਅਧਿਕਾਰਾਂ ਲਈ ਕੀਤਾ ਹੈ। ਮੈਂ ਆਪਣੇ ਸੂਬੇ ਦੇ ਅਧਿਕਾਰਾਂ ਨੂੰ ਯਕੀਨੀ ਬਣਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹੋਰਨਾਂ ਆਗੂਆਂ ਨੂੰ ਮਿਲਿਆ ਹਾਂ। ਮੈਂ ਕਿਸੇ ਦੇ ਪੈਰਾਂ ’ਤੇ ਨਹੀਂ ਡਿੱਗਾ। ਉਨ੍ਹਾਂ ਤਾਮਿਲਨਾਡੂ ਦੇ ਗੁਆਚੇ ਵੱਕਾਰ ਨੂੰ ਮੁੜ ਤੋਂ ਵਾਪਸ ਲਿਆਉਣ ਦਾ ਵਾਅਦਾ ਕਰਦਿਆਂ ਕਿਹਾ ਕਿ 10 ਸਾਲ ਤਕ ਸੂਬੇ ਦੀ ਹਾਲਤ ਹਰ ਪੱਖੋਂ ਖਰਾਬ ਰਹੀ। ਹੁਣ ਇਸ ਨੂੰ ਠੀਕ ਕਰਨ ਲਈ ਮੇਰੀ ਸਰਕਾਰ ਨੇ ਕਦਮ ਚੁੱਕੇ ਹਨ।


Rakesh

Content Editor

Related News