ਸ਼੍ਰੀਨਗਰ : 11 ਸਾਲਾ ਬੱਚੀ ਨੂੰ ਸੱਪ ਨੇ ਡੱਸਿਆ, ਫੌਜ ਦੇ ਡਾਕਟਰਾਂ ਨੇ ਬਚਾਈ ਜਾਨ
Friday, Sep 06, 2019 - 04:25 PM (IST)

ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਸ਼੍ਰੀਨਗਰ 'ਚ ਸੱਪ ਦੇ ਡੱਸਣ ਤੋਂ ਬਾਅਦ ਗੰਭੀਰ ਸਥਿਤੀ 'ਚ 11 ਸਾਲਾ ਬੱਚੀ ਯਾਸਮੀਨਾ ਨੂੰ ਇੱਥੇ ਆਰਮੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਫਿਲਹਾਲ ਯਾਸਮੀਨਾ ਖਤਰੇ 'ਚੋਂ ਬਾਹਰ ਹੈ। ਫੌਜ ਦੇ ਡਾਕਟਰਾਂ ਅਨੁਸਾਰ ਉਸ ਨੂੰ ਅਗਲੇ 72 ਘੰਟਿਆਂ 'ਚ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ। ਆਰਮੀ ਹਸਪਤਾਲ ਦੇ ਕਾਰਜਕਾਰੀ ਅਫ਼ਸਰ ਬੀ.ਸੀ. ਨਾਮਬਿਆਰ ਨੇ ਦੱਸਿਆ,''ਉਹ ਬੇਹੱਦ ਹੀ ਗੰਭੀਰ ਸਥਿਤੀ 'ਚ ਇੱਥੇ ਭਰਤੀ ਹੋਈ। ਹਾਲਾਂਕਿ ਬਿਹਤਰ ਇਲਾਜ ਤੋਂ ਬਾਅਦ ਅਸੀਂ ਉਸ ਦੀ ਜ਼ਿੰਦਗੀ ਬਚਾਉਣ 'ਚ ਸਫ਼ਲ ਰਹੇ। ਅਗਲੇ 72 ਘੰਟਿਆਂ 'ਚ ਅਸੀਂ ਉਸ ਨੂੰ ਘਰ ਜਾਣ ਦੀ ਮਨਜ਼ੂਰੀ ਦੇ ਦੇਵਾਂਗੇ।''ਦੱਸਣਯੋਗ ਹੈ ਕਿ ਜੰਮੂ-ਕਸ਼ਮੀਰ ਤੋਂ ਧਾਰਾ-370 ਹਟਣ ਤੋਂ ਬਾਅਦ ਸੂਬੇ 'ਚ ਸਥਿਤੀ ਨਾਜ਼ੁਕ ਹੈ। ਹਾਲਾਂਕਿ ਕਈ ਹਿੱਸਿਆਂ 'ਚ ਬੁੱਧਵਾਰ ਅੱਧੀ ਰਾਤ ਤੋਂ ਮੋਬਾਇਲ ਦੀਆਂ ਘੰਟੀਆਂ ਵੀ ਵੱਜਣੀਆਂ ਸ਼ੁਰੂ ਹੋ ਗਈਆਂ। ਇਸ ਤੋਂ ਬਾਅਦ ਲੋਕਾਂ ਨੇ ਰਾਹਤ ਦਾ ਸਾਹ ਲਿਆ ਅਤੇ ਆਪਣੇ ਫਿਕਰਮੰਦਾਂ ਦਾ ਨੰਬਰ ਮਿਲਾ ਕੇ ਆਪਣੀ ਭਲਾਈ ਦੀ ਜਾਣਕਾਰੀ ਦਿੱਤੀ। ਇਸ ਦੇ ਨਾਲ ਜੰਮੂ-ਕਸ਼ਮੀਰ 'ਚ ਜਨਜੀਵਨ ਹੌਲੀ-ਹੌਲੀ ਆਮ ਹੋ ਰਿਹਾ ਹੈ। ਹਾਲਾਂਕਿ ਕਸ਼ਮੀਰ ਦੇ ਕਈ ਹਿੱਸਿਆਂ 'ਚ ਸ਼ੁੱਕਰਵਾਰ ਦੀ ਨਮਾਜ ਤੋਂ ਬਾਅਦ ਹਿੰਸਾ ਦੇ ਸ਼ੱਕ ਦੇ ਮੱਦੇਨਜ਼ਰ ਚੌਕਸੀ ਦੇ ਤੌਰ 'ਤੇ ਫਿਰ ਤੋਂ ਪਾਬੰਦੀ ਲਾਗੂ ਕਰ ਦਿੱਤੀ ਗਈ ਹੈ।