ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਆਈ ਵੱਡੀ ਖਬਰ, 5 ਸਾਲ ਲਈ ਸਮਝੌਤਾ ਹੋਇਆ ਰੀਨਿਊ
Wednesday, Oct 23, 2024 - 05:05 AM (IST)
ਨਵੀਂ ਦਿੱਲੀ - ਭਾਰਤ ਅਤੇ ਪਾਕਿਸਤਾਨ ਨੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਅਗਲੇ ਪੰਜ ਸਾਲਾਂ ਲਈ ਸਮਝੌਤੇ ਦਾ ਨਵੀਨੀਕਰਨ ਕਰ ਦਿੱਤਾ ਹੈ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਮੋਦੀ ਸਰਕਾਰ ਸਾਡੇ ਸਿੱਖ ਭਾਈਚਾਰੇ ਨੂੰ ਉਨ੍ਹਾਂ ਦੇ ਪਵਿੱਤਰ ਸਥਾਨਾਂ ਤੱਕ ਪਹੁੰਚਣ ਦੀ ਸਹੂਲਤ ਜਾਰੀ ਰੱਖੇਗੀ।
ਕਰਤਾਰਪੁਰ ਸਾਹਿਬ ਗੁਰਦੁਆਰਾ ਨੂੰ ਗੁਰਦੁਆਰਾ ਦਰਬਾਰ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਸਿੱਖਾਂ ਲਈ ਇੱਕ ਮਹੱਤਵਪੂਰਨ ਧਾਰਮਿਕ ਸਥਾਨ ਹੈ, ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਆਖਰੀ ਸਾਲ ਇੱਥੇ ਬਿਤਾਏ ਸਨ। ਗੁਰੂ ਨਾਨਕ ਜੀ ਨੇ ਇੱਥੇ 16 ਸਾਲ ਦਾ ਜੀਵਨ ਬਤੀਤ ਕੀਤਾ। ਬਾਅਦ ਵਿਚ ਗੁਰੂ ਨਾਨਕ ਦੇਵ ਜੀ ਨੇ ਇਸ ਸਥਾਨ 'ਤੇ ਆਪਣਾ ਸਰੀਰ ਤਿਆਗ ਦਿੱਤਾ। ਜਿਸ ਤੋਂ ਬਾਅਦ ਇੱਥੇ ਗੁਰਦੁਆਰਾ ਦਰਬਾਰ ਸਾਹਿਬ ਬਣਾਇਆ ਗਿਆ।
ਇਹ ਸਥਾਨ ਪੰਜਾਬ, ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਵਿੱਚ ਆਉਂਦਾ ਹੈ। ਇਥੇ ਕਰਤਾਰਪੁਰ ਸਥਿਤ ਹੈ। ਇਹ ਸਥਾਨ ਲਾਹੌਰ ਤੋਂ 120 ਕਿਲੋਮੀਟਰ ਅਤੇ ਭਾਰਤ-ਪਾਕਿਸਤਾਨ ਸਰਹੱਦ ਤੋਂ ਸਿਰਫ਼ ਤਿੰਨ ਕਿਲੋਮੀਟਰ ਦੂਰ ਹੈ।