ਫੌਜੀ ਜਵਾਨਾਂ ''ਤੇ ਅੱਤਵਾਦੀਆਂ ਦਾ ਵੱਡਾ ਹਮਲਾ ! ਮੁਕਾਬਲੇ ''ਚ 2 ਜਵਾਨਾਂ ਤੇ 5 ਅੱਤਵਾਦੀਆਂ ਦੀ ਮੌਤ
Saturday, Feb 21, 2026 - 04:45 PM (IST)
ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਤੋਂ ਇਕ ਹੋਰ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਦੇ ਖੈਬਰ ਪਖਤੂਨਖਵਾ ਸੂਬੇ ਦੇ ਬੰਨੂ ਜ਼ਿਲ੍ਹੇ ਵਿੱਚ ਸ਼ਨੀਵਾਰ ਨੂੰ ਇੱਕ ਭਿਆਨਕ ਮੁਠਭੇੜ ਅਤੇ ਆਤਮਘਾਤੀ ਹਮਲਾ ਹੋਇਆ ਹੈ। ਇਸ ਘਟਨਾ ਵਿੱਚ ਪਾਕਿਸਤਾਨੀ ਫੌਜ ਦੇ ਇੱਕ ਉੱਚ ਅਧਿਕਾਰੀ ਸਮੇਤ 2 ਸੁਰੱਖਿਆ ਕਰਮੀ ਮਾਰੇ ਗਏ ਹਨ।
ਫੌਜ ਨੂੰ ਬੰਨੂ ਜ਼ਿਲ੍ਹੇ ਵਿੱਚ ਅੱਤਵਾਦੀਆਂ ਦੀ ਮੌਜੂਦਗੀ ਦੀ ਖੁਫੀਆ ਜਾਣਕਾਰੀ ਮਿਲੀ ਸੀ। ਜਦੋਂ ਸੁਰੱਖਿਆ ਬਲ ਆਪਰੇਸ਼ਨ ਲਈ ਜਾ ਰਹੇ ਸਨ, ਤਾਂ ਅੱਤਵਾਦੀਆਂ ਨੇ ਉਨ੍ਹਾਂ ਦੇ ਕਾਫਲੇ ਨੂੰ ਨਿਸ਼ਾਨਾ ਬਣਾਇਆ। ਅੱਤਵਾਦੀਆਂ ਨੇ ਬਾਰੂਦ ਨਾਲ ਲੱਦੀ ਗੱਡੀ ਫੌਜ ਦੇ ਵਾਹਨ 'ਚ ਲਿਜਾ ਮਾਰੀ। ਇਸ ਹਮਲੇ ਵਿੱਚ ਲੈਫਟੀਨੈਂਟ ਕਰਨਲ ਸ਼ਹਿਜ਼ਾਦਾ ਗੁਲ ਫਰਾਜ਼ ਅਤੇ ਸਿਪਾਹੀ ਕਰਾਮਤ ਸ਼ਾਹ ਦੀ ਮੌਤ ਹੋ ਗਈ।
ਜਵਾਬੀ ਕਾਰਵਾਈ ਅਤੇ ਭਾਰੀ ਗੋਲੀਬਾਰੀ ਦੌਰਾਨ ਫੌਜ ਨੇ 5 ਅੱਤਵਾਦੀਆਂ ਨੂੰ ਵੀ ਮਾਰ ਸੁੱਟਿਆ ਹੈ। ਇਹ ਅੱਤਵਾਦੀ 'ਫਿਤਨਾ-ਅਲ-ਖਵਾਰਿਜ' (TTP) ਨਾਲ ਸਬੰਧਤ ਦੱਸੇ ਜਾ ਰਹੇ ਹਨ। ਅਧਿਕਾਰੀਆਂ ਅਨੁਸਾਰ, ਸੁਰੱਖਿਆ ਬਲਾਂ ਨੇ ਆਤਮਘਾਤੀ ਹਮਲਾਵਰ ਨੂੰ ਰੋਕ ਕੇ ਸ਼ਹਿਰ ਵਿੱਚ ਕਿਸੇ ਵੱਡੀ ਤਬਾਹੀ ਅਤੇ ਮਾਸੂਮ ਨਾਗਰਿਕਾਂ ਦੀ ਜਾਨ ਜਾਣ ਤੋਂ ਬਚਾਅ ਕਰ ਲਿਆ।
