ਪਾਕਿਸਤਾਨ 'ਚ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਆਰੇ ਨੂੰ ਲੈ ਕੇ ਵੱਡੀ ਖ਼ਬਰ

Thursday, Feb 26, 2026 - 04:39 PM (IST)

ਪਾਕਿਸਤਾਨ 'ਚ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਆਰੇ ਨੂੰ ਲੈ ਕੇ ਵੱਡੀ ਖ਼ਬਰ

ਗੁਰਦਾਸਪੁਰ, ਸਿਆਲਕੋਟ (ਵਿਨੋਦ): ਪਾਕਿਸਤਾਨ ਦੇ ਸਿਆਲਕੋਟ ਵਿੱਚ ਗੁਰੂ ਨਾਨਕ ਦੇਵ ਜੀ ਨਾਲ ਜੁੜਿਆ ਇੱਕ ਇਤਿਹਾਸਕ ਗੁਰਦੁਆਰਾ, ਜੋ ਕਿ ਭਾਰਤ-ਪਾਕਿਸਤਾਨ ਵੰਡ ਤੋਂ ਬਾਅਦ ਬੰਦ ਹੈ, ਇਹ ਗੁਰਦੁਆਰਾ ਦੁਬਾਰਾ ਬਣਾਇਆ ਜਾਵੇਗਾ। ਪਾਕਿਸਤਾਨੀ ਸਰਕਾਰ ਨੇ ਇਸ ਲਈ ਤਿਆਰੀਆਂ ਸ਼ੁਰੂ ਕੀਤੀਆਂ ਹਨ। ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਇਹ ਸਥਾਨ ਜਿਸ ਨੂੰ ਗੁਰਦੁਆਰਾ ਪਹਿਲੀ ਪਾਤਸ਼ਾਹੀ ਨਾਨਕਸਰ ਕਿਹਾ ਜਾਂਦਾ ਹੈ, ਸਿਆਲਕੋਟ ਦੇ ਦਸਕਾ ਜ਼ਿਲ੍ਹੇ ਦੇ ਪਿੰਡ ਫਤਿਹ ਭਿੰਡਰ ਵਿੱਚ ਸਥਿਤ ਹੈ। ਇਹ ਧਾਰਮਿਕ ਸਥਾਨ ਬੰਦ ਹੋਣ ਕਾਰਨ ਖਸਤਾ ਹਾਲਤ ’ਚ ਹੈ।

ਇਹ ਮੰਨਿਆ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਇਸ ਸਥਾਨ ਦਾ ਦੌਰਾ ਕੀਤਾ ਸੀ। ਵੰਡ ਤੋਂ ਬਾਅਦ ਇਹ ਸਥਾਨ ਪਾਕਿਸਤਾਨ ਪਾਸੇ ਰਿਹਾ ਅਤੇ ਸਿੱਖ ਆਬਾਦੀ ਦੇ ਚਲੇ ਜਾਣ ਤੋਂ ਬਾਅਦ ਬੰਦ ਕਰ ਦਿੱਤਾ ਗਿਆ। ਗੁਰੂ ਨਾਨਕ ਦੇਵ ਜੀ ਦੀ ਫੇਰੀ ਦਾ ਵੇਰਵਾ ਦੇਣ ਵਾਲੀ ਪੰਜਾਬੀ ਵਿੱਚ ਲਿਖੀ ਸੰਗਮਰਮਰ ਦੀ ਤਖ਼ਤੀ ਅਜੇ ਵੀ ਇਸ ਸਥਾਨ ’ਤੇ ਮੌਜੂਦ ਹੈ। ਪਾਕਿਸਤਾਨ ਦੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਰਮੇਸ਼ ਸਿੰਘ ਅਰੋੜਾ, ਸੱਭਿਆਚਾਰ ਅਤੇ ਵਿਰਾਸਤ ਬਾਰੇ ਸੰਸਦੀ ਕਮੇਟੀ ਦੀ ਚੇਅਰਪਰਸਨ ਸਈਦਾ ਨੋਸ਼ੀਨ ਇਫਤਿਖਾਰ ਅਤੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਚੇਅਰਮੈਨ ਕਮਰ-ਉਜ਼-ਜ਼ਮਾਨ ਨੇ ਵਿਰਾਸਤੀ ਮਾਹਿਰਾਂ ਨਾਲ ਮਿਲ ਕੇ ਇਸ ਸਥਾਨ ਦਾ ਦੌਰਾ ਕੀਤਾ ਅਤੇ ਇਸ ਦੀ ਸਥਿਤੀ ਦਾ ਜਾਇਜ਼ਾ ਲਿਆ।

ਪੜ੍ਹੋ ਇਹ ਖਾਸ  ਖ਼ਬਰ-ਹਿੰਦੂ ਮੰਦਰ ਵੇਚਣ ਦੀ ਤਿਆਰੀ 'ਚ ਬ੍ਰਿਟਿਸ਼ ਸਰਕਾਰ ! ਸ਼ਰਧਾਲੂਆਂ ਵੱਲੋਂ ਵਿਰੋਧ

ਪੰਜਾਬ ਦੇ ਮੰਤਰੀ ਅਰੋੜਾ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਸਿਆਲਕੋਟ ਦੇ ਬਾਬਾ ਦੀ ਬੇਰੀ ਤੋਂ ਵਾਪਸ ਆਉਣ ਤੋਂ ਬਾਅਦ ਇਸ ਸਥਾਨ ’ਤੇ ਠਹਿਰੇ ਸਨ। ਉਨ੍ਹਾਂ ਅੱਗੇ ਕਿਹਾ ਕਿ ਗੁਰਦੁਆਰਾ ਲਗਭਗ 80 ਸਾਲਾਂ ਤੱਕ ਬੰਦ ਰਿਹਾ, ਜਿਸ ਕਾਰਨ ਕਾਫ਼ੀ ਅਣਗਹਿਲੀ ਹੋਈ। ਬੰਦ ਹੋਣ ਕਾਰਨ ਇਸ ਦੀਆਂ ਕੰਧਾਂ ਵਿੱਚ ਤਰੇੜਾਂ ਵੇਖੀਆਂ ਜਾ ਸਕਦੀਆਂ ਹਨ। ਉਨ੍ਹਾਂ ਇਸ ਨੂੰ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਦੇ ਵਿਜ਼ਨ ਤਹਿਤ ਸਿੱਖ ਵਿਰਾਸਤ ਨੂੰ ਸੁਰੱਖਿਅਤ ਰੱਖਣ ਅਤੇ ਧਾਰਮਿਕ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਦੇ ਪ੍ਰੋਗਰਾਮ ਦੇ ਹਿੱਸੇ ਵਜੋਂ ਦੱਸਿਆ। ਅਰੋੜਾ ਨੇ ਕਿਹਾ ਕਿ ਅਗਲੇ ਤਿੰਨ ਸਾਲਾਂ ਵਿੱਚ ਪਾਕਿਸਤਾਨ ਭਰ ਵਿੱਚ ਲਗਭਗ 40-50 ਗੁਰਦੁਆਰਿਆਂ ਦੀ ਮੁਰੰਮਤ ਲਈ ਪਛਾਣ ਕੀਤੀ ਗਈ ਹੈ। ਪਹਿਲੇ ਪੜਾਅ ਵਿੱਚ 17-18 ਗੁਰਦੁਆਰਿਆਂ ’ਤੇ ਕੰਮ ਚੱਲ ਰਿਹਾ ਹੈ ਅਤੇ ਮਈ ਤੱਕ ਪੂਰਾ ਹੋਣ ਦੀ ਉਮੀਦ ਹੈ। ਅਰੋੜਾ ਨੇ ਕਿਹਾ ਕਿ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂ ਇਹ ਜਾਣ ਕੇ ਭਰੋਸਾ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦੇ ਪਵਿੱਤਰ ਸਥਾਨ ਸੁਰੱਖਿਅਤ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਤੋਂ ਬਿਨਾਂ ਸਿੱਖ ਇਤਿਹਾਸ ਅਧੂਰਾ ਰਹੇਗਾ।


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ  ਦਿਓ ਆਪਣੀ ਰਾਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Vandana

Content Editor

Related News