ਓਡੀਸ਼ਾ 'ਚ ਮਿਲਿਆ ਜਾਸੂਸ ਕਬੂਤਰ, ਲੱਤਾਂ 'ਤੇ ਲੱਗੀ ਛੋਟੇ ਕੈਮਰੇ ਵਰਗੀ ਮਸ਼ੀਨ
Saturday, Mar 11, 2023 - 03:46 PM (IST)
ਭੁਵਨੇਸ਼ਵਰ (ਭਾਸ਼ਾ)- ਓਡੀਸ਼ਾ 'ਚ ਮਿਲੇ ਉਸ ਕਬੂਤਰ ਨੂੰ ਕੇਂਦਰੀ ਫੋਰੈਂਸਿਕ ਵਿਗਿਆਨ ਪ੍ਰਯੋਗਸ਼ਾਲਾ (ਸੀ.ਐੱਫ.ਐੱਸ.ਐੱਲ.) 'ਚ ਪ੍ਰੀਖਣ ਲਈ ਭੇਜਿਆ ਜਾਵੇਗਾ, ਜਿਸ 'ਚ ਉਪਕਰਣ ਲਗਾਏ ਗਏ ਹਨ। ਪੁਲਸ ਨੂੰ ਸ਼ੱਕ ਹੈ ਕਿ ਪੰਛੀ ਦਾ ਇਸਤੇਮਾਲ ਜਾਸੂਸੀ ਲਈ ਕੀਤਾ ਜਾ ਰਿਹਾ ਸੀ। ਪੁਲਸ ਨੇ ਦੱਸਿਆ ਕਿ ਕਬੂਤਰ ਜਗਤਸਿੰਘਪੁਰ ਜ਼ਿਲ੍ਹੇ 'ਚ ਪਾਰਾਦੀਪ ਦੇ ਇਲਾਕੇ 'ਚ ਮੱਛੀ ਫੜਨ ਵਾਲੀ ਇਕ ਕਿਸ਼ਤੀ ਤੋਂ ਮਿਲਿਆ ਸੀ।
ਕੁਝ ਦਿਨ ਪਹਿਲਾਂ ਕੁਝ ਮਛੇਰਿਆਂ ਨੂੰ ਕਬੂਤਰ ਉਨ੍ਹਾਂ ਦੀ ਕਿਸ਼ਤੀ 'ਤੇ ਬੈਠਾ ਮਿਲਿਆ ਸੀ। ਪੰਛੀ ਨੂੰ ਫੜ ਲਿਆ ਗਿਆ ਅਤੇ ਬੁੱਧਵਾਰ ਨੂੰ ਪਾਰਾਦੀਪ ਪੁਲਸ ਨੂੰ ਸੌਂਪ ਦਿੱਤਾ। ਪੁਲਸ ਨੇ ਕਿਹਾ ਕਿ ਰਾਜ ਨਿਆਂਇਕ ਪ੍ਰਯੋਗਸ਼ਾਲਾ ਕਬੂਤਰ ਦੀਆਂ ਲੱਤਾਂ 'ਤੇ ਲੱਗੇ ਕੈਮਰੇ ਵਰਗੀ ਮਸ਼ੀਨ ਅਤੇ ਇਕ ਮਾਈਕ੍ਰੋਚਿਪ ਤੋਂ ਡਾਟਾ ਕੱਢਣ 'ਚ ਅਸਫ਼ਲ ਰਹੀ ਹੈ, ਜਿਸ ਤੋਂ ਬਾਅਦ ਇਸ ਨੂੰ ਸੀ.ਐੱਫ.ਐੱਸ.ਐੱਲ. ਭੇਜਣ ਦਾ ਫ਼ੈਸਲਾ ਕੀਤਾ ਗਿਆ ਸੀ। ਜਗਤਸਿੰਘਪੁਰ ਦੇ ਪੁਲਸ ਸੁਪਰਡੈਂਟ ਰਾਹੁਲ ਪੀਆਰ ਨੇ ਕਿਹਾ,''ਕਬੂਤਰ ਦੇ ਖੰਭਾਂ 'ਤੇ ਲਿਖੇ ਸ਼ਬਦਾਂ ਅਤੇ ਜ਼ਬਤ ਉਪਕਰਣ ਦਾ ਪ੍ਰੀਖਣ ਕੋਲਕਾਤਾ ਜਾਂ ਹੈਦਰਾਬਾਦ ਦੇ ਸੀ.ਐੱਫ.ਐੱਸ.ਐੱਲ 'ਚ ਕੀਤਾ ਜਾਵੇਗਾ।''