ਤੇਜ਼ ਰਫ਼ਤਾਰ ਨੇ ਮਚਾਇਆ ਕਹਿਰ, ਸਕੂਲ ਵੈਨ ਤੋਂ ਡਿੱਗੇ ਦੋ ਵਿਦਿਆਰਥੀ
Monday, Jul 07, 2025 - 06:12 PM (IST)

ਠਾਣੇ- ਠਾਣੇ ਜ਼ਿਲ੍ਹੇ ਦੇ ਅੰਬਰਨਾਥ ਕਸਬੇ 'ਚ ਇਕ ਤੇਜ਼ ਰਫ਼ਤਾਰ ਸਕੂਲ ਵੈਨ ਦਾ ਪਿਛਲਾ ਦਰਵਾਜ਼ਾ ਅਚਾਨਕ ਖੁੱਲ੍ਹਣ ਕਾਰਨ ਦੋ ਬੱਚੇ ਡਿੱਗ ਕੇ ਜ਼ਖਮੀ ਹੋ ਗਏ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ।
ਪੁਲਸ ਅਧਿਕਾਰੀ ਨੇ ਘਟਨਾ ਦੇ ਚਸ਼ਮਦੀਦ ਆਟੋ-ਰਿਕਸ਼ਾ ਡਰਾਈਵਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਬੱਚਿਆਂ ਦੇ ਸੜਕ 'ਤੇ ਡਿੱਗਣ ਤੋਂ ਬਾਅਦ ਵੈਨ ਡਰਾਈਵਰ ਨਹੀਂ ਰੁਕਿਆ ਅਤੇ ਗੱਡੀ ਚਲਾਉਂਦਾ ਰਿਹਾ। ਉਨ੍ਹਾਂ ਅੱਗੇ ਕਿਹਾ ਆਟੋ ਰਿਕਸ਼ਾ ਡਰਾਈਵਰ ਅਤੇ ਹੋਰ ਰਾਹਗੀਰ ਵੈਨ ਨੂੰ ਰੋਕਣ ਲਈ ਭੱਜੇ ਅਤੇ ਜ਼ਖਮੀ ਬੱਚਿਆਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ।
ਹਾਲਾਂਕਿ ਵੈਨ ਡਰਾਈਵਰ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ਅਤੇ ਭਾਰਤੀ ਨਿਆਂ ਸੰਹਿਤਾ (BNS) ਅਤੇ ਮੋਟਰ ਵਾਹਨ (MV) ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਅਧਿਕਾਰੀ ਨੇ ਅੱਗੇ ਕਿਹਾ ਕਿ ਬੱਚਿਆਂ ਨੂੰ ਡਾਕਟਰੀ ਦੇਖਭਾਲ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਮੌਕੇ 'ਤੇ ਇਕੱਠੇ ਹੋਏ ਕਈ ਲੋਕਾਂ ਨੇ ਨਿੱਜੀ ਸਕੂਲ ਵੈਨ ਸੰਚਾਲਕਾਂ ਵਲੋਂ ਵਾਰ-ਵਾਰ ਕੀਤੀ ਜਾ ਰਹੀ ਲਾਪਰਵਾਹੀ 'ਤੇ ਗੁੱਸਾ ਜ਼ਾਹਰ ਕੀਤਾ ਅਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ।