ਬਿਹਤਰ ਭਵਿੱਖ ਦਾ ਸੁਪਨਾ! ਸੂਕਲ ਜਾਣ ਲਈ ਰੋਜ਼ਾਨਾ ਜਾਨਲੇਵਾ ਸਫ਼ਰ ਤੈਅ ਕਰਦੇ ਹਨ ਵਿਦਿਆਰਥੀ
Friday, Jul 04, 2025 - 01:34 PM (IST)

ਨੈਸ਼ਨਲ ਡੈਸਕ- ਦੇਸ਼ ਦੇ ਜ਼ਿਆਦਾਤਰ ਸੂਬਿਆਂ ਵਿਚ ਇਸ ਸਮੇਂ ਭਾਰੀ ਮੀਂਹ ਕਾਰਨ ਹੜ੍ਹ ਵਰਗੇ ਹਲਾਤ ਬਣੇ ਹੋਏ ਹਨ। ਹੜ੍ਹ, ਜ਼ਮੀਨ ਖਿਸਕਣ ਵਰਗੀਆਂ ਕੁਦਰਤੀ ਆਫ਼ਤ ਦਾ ਸਾਹਮਣਾ ਲੱਖਾਂ ਲੋਕ ਕਰਦੇ ਹਨ। ਉੱਥੇ ਹੀ ਸਕੂਲ ਜਾਣ ਵਾਲੇ ਵਿਦਿਆਰਥੀਆਂ ਨੂੰ ਵੀ ਵੱਡੀ ਪਰੇਸ਼ਾਨੀ ਝੱਲਣੀ ਪੈਂਦੀ ਹੈ। ਮਹਾਰਾਸ਼ਟਰ ਤੋਂ ਇਕ ਅਜਿਹੀ ਤਸਵੀਰ ਸਾਹਮਣੇ ਆਈ ਹੈ, ਜਿੱਥੇ ਸਕੂਲੀ ਬੱਚਿਆਂ ਨੂੰ ਸੂਕਲ ਜਾਣ ਲਈ ਰੋਜ਼ਾਨਾ ਜਾਨਲੇਵਾ ਸਫ਼ਰ ਤੈਅ ਕਰਨਾ ਪੈ ਰਿਹਾ ਹੈ।
ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਦੇ ਵਾਡਾ ਤਾਲੁਕਾ ਸਥਿਤ ਨਾਕਾਰਪਾੜਾ ਅਤੇ ਜੁਗਰੇਪਾੜਾ ਪਿੰਡਾਂ ਦੇ ਵਿਦਿਆਰਥੀਆਂ ਨੂੰ ਸਕੂਲ ਜਾਣ ਲਈ ਜਾਨ ਦੀ ਬਾਜ਼ੀ ਲਾਉਣੀ ਪੈਂਦੀ ਹੈ। ਸਕੂਲ ਤੱਕ ਪਹੁੰਚਣ ਲਈ ਰਾਖਾੜੀ ਨਦੀ ਦੇ ਵਹਿੰਦੇ ਬੰਨ੍ਹ ਨੂੰ ਪਾਰ ਕਰ ਕੇ ਬੱਚੇ ਸਕੂਲ ਜਾਂਦੇ ਹਨ। ਨਦੀ ਪਾਰ ਕਰਨ ਲਈ 2 ਕਿਲੋਮੀਟਰ ਦੀ ਦੂਰੀ ਤੈਅ ਕਰਨੀ ਪੈਂਦੀ ਹੈ। ਸੜਕ ਦੇ ਰਸਤਿਓਂ ਜਾਣ 'ਤੇ ਵਿਦਿਆਰਥੀ ਥੱਕ ਜਾਂਦੇ ਹਨ ਅਤੇ ਸਕੂਲ ਜਾਣ ਵਿਚ ਦਿਲਚਸਪੀ ਨਹੀਂ ਲੈਂਦੇ ਪਰ ਜੋ ਰਸਤਾ ਆਸਾਨ ਲੱਗਦਾ ਹੈ, ਉਹ ਹੀ ਸਭ ਤੋਂ ਵੱਧ ਖਤਰਨਾਕ ਸਾਬਤ ਹੋ ਰਿਹਾ ਹੈ।
ਸਥਾਨਕ ਲੋਕ ਮੰਗ ਕਰਦੇ ਆ ਰਹੇ ਹਨ ਕਿ ਇੱਥੇ ਨਦੀ ਉੱਤੇ ਇਕ ਪੁਲ ਬਣਾਇਆ ਜਾਵੇ ਪਰ ਅਜੇ ਤੱਕ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਵਿਦਿਆਰਥੀਆਂ ਅਤੇ ਮਾਪਿਆਂ ਦੀ ਇਕੋ ਮੰਗ ਹੈ ਕਿ ਜਾਂ ਤਾਂ ਨਦੀ 'ਤੇ ਬਣੇ ਅਸਥਾਈ ਬੰਨ੍ਹ ਨੂੰ ਮਜ਼ਬੂਤ ਅਤੇ ਉੱਚਾ ਕੀਤਾ ਜਾਵੇ ਜਾਂ ਫਿਰ ਇਕ ਸਥਾਈ ਪੁਲ ਬਣਾਇਆ ਜਾਵੇ। ਇਸ ਨਾਲ ਨਾ ਸਿਰਫ਼ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਹੋਵੇਗੀ ਸਗੋਂ ਉਨ੍ਹਾਂ ਦੀ ਪੜ੍ਹਾਈ ਵਿਚ ਵੀ ਕੋਈ ਰੁਕਾਵਟ ਨਹੀਂ ਆਵੇਗੀ।