ਸਾਬਕਾ ਕਾਂਗਰਸ ਸੰਸਦ ਮੈਂਬਰ ਅੰਨੂ ਟੰਡਨ ਨੂੰ ਦੋ ਸਾਲ ਦੀ ਸਜ਼ਾ, ਟ੍ਰੇਨ ਰੋਕ ਕੇ ਕੀਤਾ ਸੀ ਪ੍ਰਦਰਸ਼ਨ

03/19/2021 2:20:09 AM

ਨਵੀਂ ਦਿੱਲੀ - ਕਾਂਗਰਸ ਦੀ ਸਾਬਕਾ ਸੰਸਦ ਮੈਂਬਰ ਅੰਨੂ ਟੰਡਨ ਨੂੰ ਦੋ ਸਾਲ ਦੀ ਸਜ਼ਾ ਸੁਣਾਈ ਗਈ ਹੈ। ਅੰਨੂ ਟੰਡਨ ਨੂੰ ਇਹ ਸਜ਼ਾ ਧਰਨਾ-ਪ੍ਰਦਰਸ਼ਨ ਦੌਰਾਨ ਟ੍ਰੇਨ ਰੋਕਣ ਦੀ ਵਜ੍ਹਾ ਨਾਲ ਸੁਣਾਈ ਗਈ ਹੈ। ਉਂਨਾਵ ਦੇ ਉਸ ਸਮੇਂ ਦੇ ਕਾਂਗਰਸ ਜ਼ਿਲ੍ਹਾ ਮੈਜਿਸਟ੍ਰੇਟ ਸੂਰਿਆ ਨਾਰਾਇਣ ਯਾਦਵ, ਸ਼ਹਿਰ ਪ੍ਰਧਾਨ ਅਮਿਤ ਸ਼ੁਕਲਾ, ਯੂਵਾ ਕਾਂਗਰਸ ਕਮੇਟੀ ਦੇ ਪ੍ਰਦੇਸ਼ ਪ੍ਰਧਾਨ ਅੰਕਿਤ ਤਿਆਗਣਾ ਨੂੰ ਵੀ ਦੋਸ਼ੀ ਕਰਾਰ ਦਿੰਦੇ ਹੋਏ ਦੋ-ਦੋ ਸਾਲ ਦੀ ਸਜ਼ਾ ਸੁਣਾਈ ਗਈ ਹੈ। ਕੋਰਟ ਨੇ ਇਨ੍ਹਾਂ ਸਾਰੇ ਦੋਸ਼ੀਆਂ 'ਤੇ 25-25 ਹਜ਼ਾਰ ਰੁਪਏ ਦਾ ਜ਼ੁਰਮਾਨਾ ਵੀ ਲਗਾਇਆ ਹੈ। ਐੱਮ.ਪੀ. ਐੱਮ.ਐੱਲ.ਏ. ਕੋਰਟ ਦੇ ਜੱਜ ਪਵਨ ਰਾਏ ਨੇ ਸਾਰੇ ਦੋਸ਼ੀਆਂ ਨੂੰ ਇਹ ਸਜ਼ਾ ਸੁਣਾਈ ਹੈ।

ਇਸ ਤੋਂ ਪਹਿਲਾਂ 12 ਜੂਨ 2017 ਨੂੰ ਆਰ.ਪੀ.ਐੱਫ. ਨੇ ਐੱਫ.ਆਈ.ਆਰ. ਦਰਜ ਕਰਾਈ ਸੀ। ਇਹ ਸਾਰੇ ਪ੍ਰਦਰਸ਼ਨਕਾਰੀ, ਉਂਨਾਵ ਸਟੇਸ਼ਨ ਦੇ ਪੂਰਬੀ ਕੰਡੇ 'ਤੇ ਟ੍ਰੇਨ ਦੇ ਇੰਜਣ 'ਤੇ ਚੜ੍ਹ ਗਏ ਸਨ। ਇਸ ਪ੍ਰਦਰਸ਼ਨ ਦੀ ਵਜ੍ਹਾ ਨਾਲ ਟ੍ਰੇਨ 12 ਮਿੰਟ ਲੇਟ ਹੋ ਗਈ ਸੀ। ਸਾਰੇ ਪ੍ਰਦਰਸ਼ਕਾਰੀਆਂ ਦੀ ਅਗਵਾਈ ਅੰਨੂ ਟੰਡਨ ਕਰ ਰਹੀ ਸੀ।

ਇਹ ਮਾਮਲਾ 2018 ਵਿੱਚ ਕੋਰਟ ਵਿੱਚ ਦਾਖਲ ਹੋਇਆ ਸੀ ਅਤੇ ਵਿਚਾਰ ਵਟਾਂਦਰੇ ਤੋਂ ਬਾਅਦ, ਆਰ.ਪੀ.ਐੱਫ. ਦੇ ਸਬ-ਇੰਸਪੈਕਟਰ ਮਿਥਿਲੇਸ਼ ਕੁਮਾਰ ਯਾਦਵ ਨੇ ਮੁਲਜ਼ਮਾਂ ਖਿਲਾਫ, ਰੇਲਵੇ ਐਕਟ ਦੀ ਧਾਰਾ 174 (a)  ਵਿੱਚ ਦੋਸ਼ ਪੱਤਰ ਦਾਖਲ ਕੀਤਾ ਸੀ। ਅਗਸਤ 2018 ਵਿੱਚ ਕੋਰਟ ਨੇ ਦੋਸ਼ ਪੱਤਰ 'ਤੇ ਨੋਟਿਸ ਲੈਂਦੇ ਹੋਏ ਮੁਕੱਦਮੇ ਦੀ ਸੁਣਵਾਈ ਸ਼ੁਰੂ ਕੀਤੀ ਸੀ।

ਦੱਸ ਦਈਏ ਕਿ ਅੰਨੂ ਟੰਡਨ ਨੇ ਹਾਲ ਹੀ ਵਿੱਚ ਕਾਂਗਰਸ ਪਾਰਟੀ ਦੀ ਮੁੱਢਲੀ ਮੈਂਬਰੀ ਤੋਂ ਅਸਤੀਫਾ ਦੇ ਕੇ ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਦੀ ਹਾਜ਼ਰੀ ਵਿੱਚ ਸਪਾ ਦਾ ਪੱਲਾ ਫੜ੍ਹ ਲਿਆ ਸੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
 


Inder Prajapati

Content Editor

Related News