ਸਾਈਕਲ 'ਤੇ ਲੰਬਾ ਪੈਂਡਾ, ਜੋਤੀ ਨੂੰ 'ਸਪਾ' ਪਾਰਟੀ ਨੇ ਦਿੱਤੇ ਇਕ ਲੱਖ ਰੁਪਏ

5/26/2020 6:01:17 PM

ਲਖਨਊ- ਸਮਾਜਵਾਦੀ ਪਾਰਟੀ (ਸਪਾ) ਨੇ ਤਾਲਾਬੰਦੀ ਦੌਰਾਨ ਆਪਣੇ ਜ਼ਖਮੀ ਪਿਤਾ ਨੂੰ ਸਾਈਕਲ 'ਤੇ ਬਿਠਾ ਕੇ ਦਿੱਲੀ ਤੋਂ ਦਰਭੰਗਾ ਤੱਕ ਲਿਜਾਉਣ ਵਾਲੀ ਇਕ ਕੁੜੀ ਨੂੰ ਮੰਗਲਵਾਰ ਨੂੰ ਇਕ ਲੱਖ ਰੁਪਏ ਦੀ ਮਦਦ ਦਿੱਤੀ। ਪਾਰਟੀ ਦੇ ਇਕ ਬੁਲਾਰੇ ਨੇ ਦੱਸਿਆ ਕਿ ਸਪਾ ਨੇ 15 ਸਾਲਾ ਜੋਤੀ ਕੁਮਾਰ ਦੀ ਮਾਂ ਫੂਲੋ ਦੇਵੀ ਦੇ ਬੈਂਕ ਖਾਤੇ 'ਚ ਮੰਗਲਵਾਰ ਨੂੰ ਇਕ ਲੱਖ ਰੁਪਏ ਭੇਜੇ ਹਨ। ਉਨ੍ਹਾਂ ਨੇ ਦੱਸਿਆ ਕਿ ਸਪਾ ਪ੍ਰਧਾਨ ਅਖਿਲੇਸ਼ ਯਾਦਵ ਨੇ 21 ਮਈ ਨੂੰ ਜੋਤੀ ਦੇ ਜਜ਼ਬੇ ਨੂੰ ਸਲਾਮ ਕਰਦੇ ਹੋਏ ਉਸ ਨੂੰ ਇਹ ਮਦਦ ਦੇਣ ਦਾ ਐਲਾਨ ਕੀਤਾ ਸੀ।

ਦੱਸਣਯੋਗ ਹੈ ਕਿ ਸਾਈਕਲ ਸਪਾ ਦਾ ਚੋਣ ਨਿਸ਼ਾਨ ਹੈ। ਜੋਤੀ ਦੀ ਆਪਣੇ ਪਿਤਾ ਨਾਲ ਸਾਈਕਲ 'ਤੇ ਦਿੱਲੀ ਤੋਂ ਦਰਭੰਗਾ ਤੱਕ ਜਾਣ ਦੀ ਇਹ ਯਾਤਰਾ ਪੂਰੇ ਦੇਸ਼ ਹੀ ਨਹੀਂ ਸਗੋਂ ਵਿਦੇਸ਼ 'ਚ ਵੀ ਚਰਚਾ ਦਾ ਵਿਸ਼ਾ ਬਣੀ ਸੀ। ਜੋਤੀ ਹਾਲ 'ਚ ਦਿੱਲੀ ਤੋਂ ਆਪਣੇ ਪਿਤਾ ਨੂੰ ਸਾਈਕਲ 'ਤੇ ਬਿਠਾ ਕੇ 7 ਦਿਨਾਂ ਦੌਰਾਨ ਲਗਭਗ 1200 ਕਿਲੋਮੀਟਰ ਦੀ ਦੂਰੀ ਤੈਅ ਕਰ ਕੇ ਬਿਹਾਰ ਦੇ ਦਰਭੰਗਾ ਆਪਣੇ ਘਰ ਪਹੁੰਚੀ ਸੀ।


DIsha

Content Editor DIsha