ਤੱਪਦੀ ਗਰਮੀ ’ਚ ਰਾਹਤ ਦੀ ਖ਼ਬਰ, ਮਹਾਰਾਸ਼ਟਰ ’ਚ ਮਾਨਸੂਨ ਨੇ ਦਿੱਤੀ ਦਸਤਕ

06/11/2022 5:35:45 PM

ਮੁੰਬਈ– ਭਾਰਤ ਮੌਸਮ ਵਿਗਿਆਨ ਵਿਭਾਗ ਨੇ ਝੁਲਸਾਉਣ ਵਾਲੀ ਗਰਮੀ ਦਰਮਿਆਨ ਰਾਹਤ ਦੀ ਖ਼ਬਰ ਦਿੱਤੀ ਹੈ। ਦੱਖਣੀ-ਪੱਛਮੀ ਮਾਨਸੂਨ ਨੇ ਦੋ ਦਿਨ ਦੀ ਦੇਰੀ ਨਾਲ ਸ਼ਨੀਵਾਰ ਨੂੰ ਮਹਾਰਾਸ਼ਟਰ ’ਚ ਦਸਤਕ ਦੇ ਦਿੱਤੀ ਹੈ। ਭਾਰਤ ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਮਹਾਰਾਸ਼ਟਰ ਚ ਮਾਨਸੂਨ ਆਮ ਤੌਰ ’ਤੇ 9 ਜੂਨ ਤੱਕ ਪਹੁੰਚਦਾ ਹੈ। ਅਧਿਕਾਰੀ ਨੇ ਕਿਹਾ ਕਿ ਕੋਂਕਣ ਅਤੇ ਮੱਧ ਮਹਾਰਾਸ਼ਟਰ ਦੇ ਹਿੱਸਿਆਂ ’ਚ ਦੱਖਣ-ਪੱਛਮੀ ਮਾਨਸੂਨ ਆ ਗਿਆ ਹੈ।

ਅਧਿਕਾਰੀ ਮੁਤਾਬਕ ਇਸ ਨਾਲ ਸੂਬੇ ’ਚ ਮੀਂਹ ਪਵੇਗਾ ਅਤੇ ਕੋਂਕਣ ਦੇ ਕੁਝ ਹਿੱਸਿਆਂ ’ਚ ਵੀ ਬੂੰਦਾਬਾਦੀ ਹੋਵੇਗੀ। ਜਿਨ੍ਹਾਂ ਖੇਤਰਾਂ ’ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ, ਉੱਥੇ ਵੀ ਚਿਤਾਵਨੀ ਜਾਰੀ ਕਰ ਦਿੱਤੀ ਗਈ ਹੈ। ਅਗਲੇ 48 ਘੰਟਿਆਂ ’ਚ ਮਹਾਰਾਸ਼ਟਰ ’ਚ ਮਾਨਸੂਨ ਦੇ ਅੱਗੇ ਵੱਧਣ ਲਈ ਹਾਲਾਤ ਅਨੁਕੂਲ ਹਨ। ਇਸ ਦੌਰਾਨ ਤੇਜ਼ ਹਵਾਵਾਂ ਵੀ ਚੱਲ ਸਕਦੀਆਂ। 

ਉੱਥੇ ਹੀ ਅਗਲੇ ਕੁਝ ਘੰਟਿਆਂ ਵਿਚ ਮੁੰਬਈ ਦੇ ਠਾਣੇ, ਰਾਏਗੜ੍ਹ, ਪਾਲਘਰ, ਰਤਨਾਗਿਰੀ ਅਤੇ ਆਲੇ-ਦੁਆਲੇ ਦੇ ਇਲਾਕਿਆਂ ’ਚ ਤੇਜ਼ ਹਵਾਵਾਂ ਨਾਲ ਗਰਜ ਨਾਲ ਮੀਂਹ ਪਵੇਗਾ। ਰਾਜਧਾਨੀ ਦਿੱਲੀ ਦੀ ਗੱਲ ਕੀਤੀ ਜਾਵੇ ਤਾਂ 16 ਜੂਨ ਨੂੰ ਭਿਆਨਕ ਗਰਮੀ ਤੋਂ ਰਾਹਤ ਮਿਲ ਸਕਦੀ ਹੈ। ਮੌਸਮ ਵਿਭਾਗ ਮੁਤਾਬਕ 16 ਜੂਨ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ।


Tanu

Content Editor

Related News