ਚੱਕਰਵਾਤੀ ਤੂਫਾਨ ''ਫਾਨੀ'' ਕਾਰਨ SCR ਨੂੰ ਹੋਇਆ ਕਰੋੜਾਂ ਦਾ ਨੁਕਸਾਨ
Saturday, May 11, 2019 - 04:25 PM (IST)

ਹੈਦਰਾਬਾਦ (ਭਾਸ਼ਾ)— ਪਿਛਲੇ ਹਫਤੇ ਓਡੀਸ਼ਾ, ਆਂਧਰਾ ਪ੍ਰਦੇਸ਼ ਅਤੇ ਹੋਰ ਤੱਟੀ ਸੂਬਿਆਂ ਨੂੰ ਆਪਣੀ ਲਪੇਟ ਵਿਚ ਲੈਣ ਵਾਲੇ ਗੰਭੀਰ ਚੱਕਰਵਾਤੀ ਤੂਫਾਨ 'ਫਾਨੀ' ਕਾਰਨ ਸਾਊਥ ਸੈਂਟਰਲ ਰੇਲਵੇ (ਐੱਸ. ਸੀ. ਆਰ.) ਨੂੰ ਲੱਗਭਗ 2.98 ਕਰੋੜ ਰੁਪਏ ਦਾ ਮਾਲੀਆ ਨੁਕਸਾਨ ਹੋਇਆ ਹੈ। ਐੱਸ. ਸੀ. ਆਰ. ਨੇ ਇਕ ਬਿਆਨ ਵਿਚ ਕਿਹਾ, ''ਸਾਊਥ ਸੈਂਟਰਲ ਰੇਲਵੇ ਨੂੰ ਗੰਭੀਰ ਚੱਕਰਵਾਤੀ ਤੂਫਾਨ 'ਫਾਨੀ' ਕਾਰਨ 2,97,92,581 ਰੁਪਏ ਦਾ ਮਾਲੀਆ ਨੁਕਸਾਨ ਹੋਇਆ ਹੈ। ਇਸ ਤੂਫਾਨ ਦੌਰਾਨ ਕੁੱਲ 137 ਟਰੇਨਾਂ ਪ੍ਰਭਾਵਿਤ ਹੋਈਆਂ। ਯਾਤਰੀਆਂ ਦੀ ਸੁਰੱਖਿਆ ਅਤੇ ਟਰੇਨ ਪਰਿਚਾਲਨ ਯਕੀਨੀ ਕਰਨ ਲਈ ਕਈ ਟਰੇਨਾਂ ਨੂੰ ਰੱਦ ਕਰਨਾ ਪਿਆ ਜਾਂ ਉਨ੍ਹਾਂ ਦੇ ਮਾਰਗਾਂ 'ਚ ਬਦਲਾਅ ਕਰਨਾ ਪਿਆ ਸੀ।
120 ਟਰੇਨਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਗਿਆ ਅਤੇ 40,390 ਯਾਤਰੀਆਂ ਨੂੰ ਕਿਰਾਏ ਦਾ ਪੂਰਾ ਰਿਫੰਡ ਵਾਪਸ ਕੀਤਾ ਗਿਆ ਸੀ, ਜੋ 2.93 ਕਰੋੜ ਰੁਪਏ ਸੀ। ਰੇਲਵੇ ਵਿਭਾਗ ਤੂਫਾਨ ਫਾਨੀ ਦਾ ਜ਼ੋਰ ਘੱਟ ਹੋਣ ਦੇ ਤੁਰੰਤ ਬਾਅਦ ਕਾਰਵਾਈ ਵਿਚ ਜੁਟ ਗਿਆ ਸੀ। ਉਸ ਨੇ ਮਹੱਤਵਪੂਰਨ ਸਟੇਸ਼ਨਾਂ 'ਤੇ ਫਸੇ ਯਾਤਰੀਆਂ ਦੀ ਸਹੂਲਤ ਲਈ 3 ਵਿਸ਼ੇਸ਼ ਟਰੇਨਾਂ ਚਲਾਉਣ ਦੀ ਵਿਵਸਥਾ ਕੀਤੀ। ਐੱਸ. ਸੀ. ਆਰ. ਨੇ 4 ਅਤੇ 5 ਮਈ ਨੂੰ ਸਿਕੰਦਰਾਬਾਦ-ਭੁਵਨੇਸ਼ਵਰ, ਵਿਜੇਵਾੜਾ-ਹਾਵੜਾ ਅਤੇ ਸਿੰਕੰਦਰਾਬਾਦ-ਹਾਵੜਾ ਦਰਮਿਆਨ 3 ਵਿਸ਼ੇਸ਼ ਟਰੇਨਾਂ ਚਲਾਈਆਂ। ਇਸ ਤਰ੍ਹਾਂ ਲੱਗਭਗ 3,043 ਫਸੇ ਹੋਏ ਯਾਤਰੀ ਆਪਣੀ-ਆਪਣੀ ਮੰਜ਼ਲ ਦੀ ਯਾਤਰਾ ਕਰਨ ਵਿਚ ਸਮਰੱਥ ਹੋ ਸਕੇ। ਐੱਨ. ਸੀ. ਆਰ. ਨੇ ਵਿਸ਼ੇਸ਼ ਟਰੇਨਾਂ ਚਲਾ ਕੇ 20.90 ਲੱਖ ਰੁਪਏ ਕਮਾਏ ਹਨ।
ਦੱਸਣਯੋਗ ਹੈ ਕਿ ਚੱਕਰਵਾਤੀ ਫਾਨੀ 3 ਮਈ ਨੂੰ ਓਡੀਸ਼ਾ ਦੇ ਪੁਰੀ ਕੋਲ ਪਹੁੰਚਿਆ ਸੀ, ਜਿਸ ਨਾਲ 14 ਜ਼ਿਲਿਆਂ ਦੇ 15 ਕਰੋੜ ਤੋਂ ਵੀ ਵਧ ਲੋਕ ਪ੍ਰਭਾਵਿਤ ਹੋਏ। ਇਸ ਤੂਫਾਨ ਨੇ ਬਿਜਲੀ, ਪੀਣ ਵਾਲੇ ਪਾਣੀ ਅਤੇ ਦੂਰਸੰਚਾਰ ਵਰਗੀਆਂ ਬੁਨਿਆਦੀ ਸਹੂਲਤਾਂ ਨੂੰ ਤਹਿਸ-ਨਹਿਸ ਕਰ ਦਿੱਤਾ। ਇਸ ਆਫਤ ਕਾਰਨ 5.08 ਲੱਖ ਘਰਾਂ ਨੂੰ ਨੁਕਸਾਨ ਪੁੱਜਾ ਅਤੇ 41 ਲੋਕ ਮਾਰੇ ਗਏ ਸਨ।