ਸੋਨੀਆ ਗਾਂਧੀ ਦਾ ਸਰਕਾਰ ''ਤੇ ਨਿਸ਼ਾਨਾ, ਕੋਰੋਨਾ-ਚੀਨ ਵਿਵਾਦ ''ਤੇ ਸਹੀ ਕਦਮ ਨਾ ਚੁੱਕਣ ਦਾ ਲਗਾਇਆ ਦੋਸ਼

06/23/2020 12:30:59 PM

ਨਵੀਂ ਦਿੱਲੀ- ਕੋਰੋਨਾ ਆਫ਼ਤ ਅਤੇ ਚੀਨ ਸਰਹੱਦੀ ਵਿਵਾਦ 'ਤੇ ਅੱਜ ਯਾਨੀ ਮੰਗਲਵਾਰ ਨੂੰ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਹੋਈ। ਇਸ ਬੈਠਕ 'ਚ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਸਮੇਤ ਕਈ ਨੇਤਾ ਮੌਜੂਦ ਸਨ। ਕਾਂਗਰਸ ਨੇਤਾਵਾਂ ਨੇ ਬੈਠਕ ਦੌਰਾਨ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ।

ਸੋਨੀਆ ਗਾਂਧੀ ਨੇ ਕਿਹਾ ਕਿ ਭਾਰਤ ਅੱਜ ਇਕ ਭਿਆਨਕ ਆਰਥਿਕ ਸੰਕਟ, ਮਹਾਮਾਰੀ ਅਤੇ ਹੁਣ ਚੀਨ ਨਾਲ ਲਾਈਨ ਆਫ ਐਕਚੁਅਲ ਕੰਟਰੋਲ 'ਤੇ ਵਿਵਾਦ ਕਾਰਨ ਸੰਕਟ ਦੀ ਲਪੇਟ 'ਚ ਹੈ। ਹਰ ਸੰਕਟ ਦਾ ਕਾਰਨ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਐੱਨ.ਡੀ.ਏ. ਸਰਕਾਰ ਦਾ ਕੁਪ੍ਰਬੰਧਨ ਅਤੇ ਇਸ ਦੀਆਂ ਗਲਤ ਨੀਤੀਆਂ ਹਨ। ਆਰਥਿਕ ਸੰਕਟ ਨੂੰ ਦੂਰ ਕਰਨ ਦੀ ਸਲਾਹ ਦਿੰਦੇ ਹੋਏ ਸੋਨੀਆ ਨੇ ਕਿਹਾ ਕਿ ਇਸ ਸਮੇਂ ਸਭ ਤੋਂ ਵੱਡੀ ਜ਼ਰੂਰਤ ਗਰੀਬਾਂ, ਐੱਮ.ਐੱਸ.ਐੱਮ.ਏ. ਸੈਕਟਰ ਨੂੰ ਵੱਡੇ ਪੈਮਾਨੇ 'ਤੇ ਫਿਸਕਲ ਉਤਸ਼ਾਹ ਦੇਣ ਦੀ ਹੈ। ਇਸ ਦੀ ਬਜਾਏ ਮੋਦੀ ਸਰਕਾਰ ਨੇ ਇਕ ਖੋਖਲ੍ਹੇ ਵਿੱਤੀ ਪੈਕੇਜ ਦਾ ਐਲਾਨ ਕੀਤਾ, ਜੋ ਜੀ.ਡੀ.ਪੀ. ਦੇ ਇਕ ਫੀਸਦੀ ਤੋਂ ਵੀ ਘੱਟ ਸੀ। ਸੋਨੀਆ ਗਾਂਧੀ ਨੇ ਕਿਹਾ ਕਿ ਜਦੋਂ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਹੋ ਰਹੀ ਹੈ, ਉਦੋਂ ਸਰਕਾਰ ਲਗਾਤਾਰ 17 ਦਿਨਾਂ ਤੋਂ ਪੈਟਰੋਲ ਅਤੇ ਡੀਜ਼ਲ ਦੀ ਕੀਮਤ 'ਚ ਵਾਧਾ ਕਰ ਰਹੀ ਹੈ। ਚੀਨ ਸਰਹੱਦ 'ਤੇ ਵਿਵਾਦ ਜਾਰੀ ਹੈ ਪਰ ਭਵਿੱਖ 'ਚ ਕੀ ਹੋਵੇਗਾ, ਸਾਨੂੰ ਨਹੀਂ ਪਤਾ ਹੈ।

ਕੋਰੋਨਾ ਆਫ਼ਤ 'ਤੇ ਸੋਨੀਆ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਭਰੋਸੇ ਦੇ ਬਾਵਜੂਦ ਕੋਰੋਨਾ ਮਹਾਮਾਰੀ ਦਾ ਕਹਿਰ ਜਾਰੀ ਹੈ। ਕੇਂਦਰ ਨੇ ਸੂਬਾ ਸਰਕਾਰਾਂ ਨੂੰ ਮਦਦ ਦਾ ਭਰੋਸਾ ਦਿੱਤਾ ਪਰ ਇਕ ਵੀ ਰੁਪਿਆ ਨਹੀਂ ਦਿੱਤਾ। ਮਹਾਮਾਰੀ ਦੇ ਕੁਪ੍ਰਬੰਧਨ ਨੂੰ ਮੋਦੀ ਸਰਕਾਰ ਦੀ ਸਭ ਤੋਂ ਵਿਨਾਸ਼ਕਾਰੀ ਅਸਫ਼ਲਤਾਵਾਂ 'ਚੋਂ ਇਕ ਦੇ ਰੂਪ 'ਚ ਦਰਜ ਕੀਤਾ ਜਾਵੇਗਾ। ਸੋਨੀਆ ਗਾਂਧੀ ਨੇ ਕਿਹਾ ਕਿ ਚੀਨ ਨਾਲ ਅਸਲ ਕੰਟਰੋਲ ਰੇਖਾ 'ਤੇ ਹੁਣ ਸਾਡੇ ਸਾਹਮਣੇ ਵੱਡੇ ਸੰਕਟ ਦੀ ਸਥਿਤੀ ਹੈ। ਇਸ ਤੱਥ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਅਪ੍ਰੈਲ-ਮਈ, 2020 ਤੋਂ ਲੈ ਕੇ ਹੁਣ ਤੱਕ ਚੀਨੀ ਫੌਜ ਨੇ ਪੈਂਗੋਂਗ ਤਸੋ ਝੀਲ ਖੇਤਰ ਅਤੇ ਗਲਵਾਨ ਘਾਟੀ, ਲੱਦਾਖ 'ਚ ਸਾਡੀ ਸਰਹੱਦ 'ਚ ਘੁਸਪੈਠ ਕੀਤੀ ਹੈ। ਆਪਣੇ ਚਰਿੱਤਰ ਦੇ ਅਨੁਰੂਪ ਸਰਕਾਰ ਸੱਚਾਈ ਤੋਂ ਮੂੰਹ ਮੋੜ ਰਹੀ ਹੈ।

ਉੱਥੇ ਹੀ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਕੋਰੋਨਾ ਆਫ਼ਤ ਨਾਲ ਨਜਿੱਠਣ ਲਈ ਜਿਸ ਸਾਹਸ ਅਤੇ ਕੋਸ਼ਿਸ਼ ਦੀ ਜ਼ਰੂਰਤ ਹੈ, ਉਸ ਤੋਂ ਮਹਾਮਾਰੀ ਦਾ ਸਾਹਮਣਾ ਨਹੀਂ ਕੀਤਾ ਜਾ ਰਿਹਾ ਹੈ। ਚੀਨ ਵਿਵਾਦ ਜੇਕਰ ਦ੍ਰਿੜਤਾ ਨਾਲ ਨਹੀਂ ਨਿਪਟਦਾ ਹੈ ਤਾਂ ਗੰਭੀਰ ਸਥਿਤੀ ਪੈਦਾ ਹੋ ਸਕਦੀ ਹੈ। ਮੈਂ ਸੋਨੀਆ ਜੀ ਦੀ ਟਿੱਪਣੀ ਦਾ ਵੀ ਸਮਰਥਨ ਕਰਦਾ ਹਾਂ।


DIsha

Content Editor

Related News