ਮਹਿੰਗਾਈ ’ਤੇ ਸਰਕਾਰ ਨੂੰ ਘੇਰਨ ਦੀ ਤਿਆਰੀ, ਸੋਨੀਆ ਗਾਂਧੀ ਨੇ 24 ਜੂਨ ਨੂੰ ਬੁਲਾਈ ਬੈਠਕ
Monday, Jun 21, 2021 - 04:31 PM (IST)
ਨਵੀਂ ਦਿੱਲੀ (ਭਾਸ਼ਾ)— ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਵਾਧੇ ਅਤੇ ਕੁਝ ਹੋਰ ਮੁੱਦਿਆਂ ’ਤੇ ਸਰਕਾਰ ਨੂੰ ਘੇਰਨ ਦੀ ਰਣਨੀਤੀ ’ਤੇ ਚਰਚਾ ਲਈ 24 ਜੂਨ ਨੂੰ ਬੈਠਕ ਬੁਲਾਈ ਹੈ। ਇਸ ਬੈਠਕ ਵਿਚ ਪਾਰਟੀ ਜਨਰਲ ਸਕੱਤਰਾਂ ਅਤੇ ਪ੍ਰਦੇਸ਼ ਮੁਖੀ ਸ਼ਾਮਲ ਹੋਣਗੇ। ਸੂਤਰਾਂ ਨੇ ਦੱਸਿਆ ਕਿ ਇਸ ਡਿਜੀਟਲ ਬੈਠਕ ’ਚ ਕਾਂਗਰਸ ਆਗੂ ਪਾਰਟੀ ਦੇ ਪ੍ਰਸਤਾਵਿਤ ਸੰਪਰਕ ਮੁਹਿੰਮ ’ਤੇ ਵੀ ਚਰਚਾ ਕਰਨਗੇ।
ਇਸ ਦੇ ਨਾਲ ਹੀ ਇਸ ਬੈਠਕ ਵਿਚ ਪੈਟਰੋਲ-ਡੀਜ਼ਲ ਅਤੇ ਜ਼ਰੂਰੀ ਖੁਰਾਕ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ’ਚ ਵਾਧੇ ਦੇ ਸੰਦਰਭ ਵਿਚ ਅੱਗੇ ਦੀ ਰਣਨੀਤੀ ’ਤੇ ਚਰਚਾ ਕੀਤੀ ਜਾਵੇਗੀ। ਬੈਠਕ ’ਚ ਕੋਵਿਡ ਦੇ ਮੌਜੂਦਾ ਹਾਲਾਤ ਅਤੇ ਆਰਥਿਕ ਹਾਲਾਤ ’ਤੇ ਵੀ ਚਰਚਾ ਹੋ ਸਕਦੀ ਹੈ। ਇਸ ਬੈਠਕ ਵਿਚ ਪ੍ਰਦੇਸ਼ ਕਾਂਗਰਸ ਕਮੇਟੀਆਂ ਦੇ ਪ੍ਰਧਾਨਾਂ ਦੀ ਵੀ ਬੈਠਕ ਬੁਲਾਈ ਜਾਵੇਗੀ। ਸੋਨੀਆ ਗਾਂਧੀ ਨੇ ਪਾਰਟੀ ਦੇ ਸੀਨੀਅਰ ਨੇਤਾਵਾਂ ਨਾਲ ਇਹ ਬੈਠਕ ਸੰਸਦ ਦੇ ਮਾਨਸੂਨ ਸੈਸ਼ਨ ਤੋਂ ਪਹਿਲਾਂ ਬੁਲਾਈ ਹੈ। ਮਾਨਸੂਨ ਸੈਸ਼ਨ ਜੁਲਾਈ ਵਿਚ ਹੋ ਸਕਦਾ ਹੈ। ਦੱਸ ਦੇਈਏ ਕਿ ਕਾਂਗਰਸ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਵਾਧੇ ਦੇ ਮੁੱਦੇ ਨੂੰ ਲੈ ਕੇ ਪਿਛਲੇ ਕੁਝ ਹਫ਼ਤਿਆਂ ਤੋਂ ਸਰਕਾਰ ’ਤੇ ਹਮਲੇ ਕਰ ਰਹੀ ਹੈ।