ਕੁਝ ਲੋਕ ਮੋਦੀ ਦਾ ‘ਤੋੜ’ ਲੱਭ ਰਹੇ ਪਰ ਉਨ੍ਹਾਂ ਨੂੰ ਮਿਲ ਨਹੀਂ ਰਿਹਾ : ਰਾਜਨਾਥ
Tuesday, Aug 30, 2022 - 12:54 PM (IST)
ਨਵੀਂ ਦਿੱਲੀ (ਭਾਸ਼ਾ)– ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਸੰਗਠਨਾਤਮਕ ਸਮਰੱਥਾ, ਜਨਤਾ ਨਾਲ ਜੁੜਾਅ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਦੀ ਜ਼ਮੀਨੀ ਸਮਝ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੁਨੀਆ ਦੇ ਸਭ ਤੋਂ ਲੋਕਪ੍ਰਿਯ ਨੇਤਾ ਦੇ ਰੂਪ ਵਿਚ ਉਭਰੇ ਹਨ।
ਸੀਨੀਅਰ ਪੱਤਰਕਾਰ ਅਜੇ ਸਿੰਘ ਵਲੋਂ ਲਿਖੀ ਕਿਤਾਬ ‘ਦਿ ਆਰਕੀਟੈਕਟ ਆਫ ਦਿ ਬੀ. ਜੇ. ਪੀ.’ ਦੀ ਘੁੰਡ-ਚੁਕਾਈ ਮੌਕੇ ਸੀਨੀਅਰ ਭਾਜਪਾ ਨੇਤਾ ਰਾਜਨਾਥ ਨੇ ਇਹ ਵੀ ਕਿਹਾ ਕਿ ਕੁਝ ਲੋਕ ਮੋਦੀ ਦਾ ‘ਤੋੜ’ ਲੱਭ ਰਹੇ ਹਨ ਪਰ ਉਨ੍ਹਾਂ ਨੂੰ ਇਹ ਮਿਲ ਨਹੀਂ ਰਿਹਾ ਹੈ।
ਉਨ੍ਹਾਂ ਕਿਹਾ ਕਿ ਜਨਤਾ ਨਾਲ ਜੁੜੇ ਰਹੋ, ਸਫਲਤਾ ਤੁਹਾਡੇ ਕਦਮ ਚੁੰਮੇਗੀ, ਇਹ ਪ੍ਰਧਾਨ ਮੰਤਰੀ ਮੋਦੀ ਦਾ ਮੂਲਮੰਤਰ ਹੈ। ਰਾਜਨਾਥ ਨੇ ਕਿਹਾ ਕਿ ਉਨ੍ਹਾਂ ਮੁਤਾਬਕ ਮੋਦੀ ਕੋਲ ਜੋ ਸੰਗਠਨਾਤਮਕ ਸਮਰੱਥਾ ਹੈ, ਕਿਸੇ ਦੈਵੀ ਸ਼ਕਤੀ ਤੋਂ ਬਿਨਾਂ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਜਨਤਾ ਨਾਲ ਜੁੜਾਅ, ਉਸ ਨਾਲ ਗੱਲਬਾਤ, ਦੇਸ਼ ਦੀ ਨਬਜ਼ ’ਤੇ ਮਜ਼ਬੂਤ ਪਕੜ, ਆਮ ਜਨਤਾ ਦੀਆਂ ਮੁਸ਼ਕਲਾਂ ਦੀ ਜ਼ਮੀਨੀ ਜਾਣਕਾਰੀ ਨਾਲ ਉਨ੍ਹਾਂ ਦੀ ਲੋਕਪ੍ਰਿਯਤਾ ਨੇ ਦੇਸ਼ ਹੀ ਨਹੀਂ ਸਗੋਂ ਦੁਨੀਆ ਵਿਚ ਵੀ ਸਾਰੇ ਨੇਤਾਵਾਂ ਨੂੰ ਪਛਾੜ ਦਿੱਤਾ ਹੈ। ਅੱਜ ਉਹ ਦੁਨੀਆ ਦੇ ਸਭ ਤੋਂ ਲੋਕਪ੍ਰਿਯ ਨੇਤਾ ਬਣੇ ਹੋਏ ਹਨ।
ਅਮਰੀਕੀ ਕੰਪਨੀ ‘ਦਿ ਮਾਰਨਿੰਗ ਕੰਸਲਟ’ ਦੇ ਇਕ ਸਰਵੇ ਦਾ ਹਵਾਲਾ ਦਿੰਦੇ ਹੋਏ ਰੱਖਿਆ ਮੰਤਰੀ ਨੇ ਕਿਹਾ ਕਿ ਮੋਦੀ ਨੇ ਲੋਕਪ੍ਰਿਯਤਾ ਵਿਚ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਅਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਸਮੇਤ ਦੁਨੀਆ ਦੇ 12 ਪ੍ਰਮੁੱਖ ਰਾਸ਼ਟਰ ਮੁਖੀਆਂ ਨੂੰ ਪਿੱਛੇ ਛੱਡ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੋਦੀ ਦਾ ਜਨਤਾ ਨਾਲ ਇਕ ਭਾਵਨਾਤਮਕ ਰਿਸ਼ਤਾ ਬਣ ਗਿਆ ਹੈ। ਉਨ੍ਹਾਂ ਦੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਦੇਸ਼ ਵਿਚ ਕੁਝ ਸੂਬਿਆਂ ਵਿਚ ਰਾਜਗ ਦੀ ਸਰਕਾਰ ਸੀ, ਅੱਜ ਜਿਸ ਦਾ ਵਿਸਤਾਰ 16 ਸੂਬਿਆਂ ਤੱਕ ਹੋ ਗਿਆ ਹੈ। ਇਸ ਸਮੇਂ ਪੂਰੇ ਦੇਸ਼ ਵਿਚ 1300 ਤੋਂ ਵਧ ਵਿਧਾਇਕ ਅਤੇ 400 ਤੋਂ ਵਧ ਭਾਜਪਾ ਦੇ ਸੰਸਦ ਮੈਂਬਰ ਹਨ।