ਹੁਣ ਤੱਕ 89.50 ਲੱਖ ਸ਼ਰਧਾਲੂਆਂ ਨੇ ਵੈਸ਼ਨੋ ਦੇਵੀ ਭਵਨ ਵਿਖੇ ਟੇਕਿਆ ਮੱਥਾ, 9 ਸਾਲਾਂ ''ਚ ਸਭ ਤੋਂ ਵੱਧ ਅੰਕੜਾ

Tuesday, Dec 27, 2022 - 09:57 AM (IST)

ਹੁਣ ਤੱਕ 89.50 ਲੱਖ ਸ਼ਰਧਾਲੂਆਂ ਨੇ ਵੈਸ਼ਨੋ ਦੇਵੀ ਭਵਨ ਵਿਖੇ ਟੇਕਿਆ ਮੱਥਾ, 9 ਸਾਲਾਂ ''ਚ ਸਭ ਤੋਂ ਵੱਧ ਅੰਕੜਾ

ਕਟੜਾ (ਅਮਿਤ)- ਚਾਲੂ ਸਾਲ ’ਚ ਹੁਣ ਤੱਕ ਲਗਭਗ 89.50 ਲੱਖ ਸ਼ਰਧਾਲੂਆਂ ਨੇ ਵੈਸ਼ਨੋ ਦੇਵੀ ਭਵਨ ਵਿਖੇ ਮੱਥਾ ਟੇਕ ਕੇ ਆਸ਼ੀਰਵਾਦ ਪ੍ਰਾਪਤ ਕੀਤਾ ਹੈ। ਇਹ ਅੰਕੜਾ ਪਿਛਲੇ 9 ਸਾਲਾਂ ’ਚ ਸਭ ਤੋਂ ਵੱਧ ਹੈ। ਅੰਜਾਜ਼ਾ ਹੈ ਕਿ ਦਸੰਬਰ ਦੇ ਅੰਤ ਤੱਕ ਇਹ ਅੰਕੜਾ 90 ਲੱਖ ਨੂੰ ਪਾਰ ਕਰ ਜਾਵੇਗਾ। ਮੌਜੂਦਾ ਸਾਲ ’ਚ ਸਭ ਤੋਂ ਵੱਧ ਸ਼ਰਧਾਲੂ ਜੂਨ ਮਹੀਨੇ ’ਚ ਮੱਥਾ ਟੇਕਣ ਲਈ ਵੈਸ਼ਨੋ ਦੇਵੀ ਭਵਨ ਪੁੱਜੇ। ਅੰਕੜਿਆਂ ਮੁਤਾਬਕ ਉਕਤ ਮਹੀਨੇ ’ਚ 11.29 ਲੱਖ ਸ਼ਰਧਾਲੂ ਮਾਂ ਵੈਸ਼ਨੋ ਦੇਵੀ ਭਵਨ ’ਚ ਨਤਮਸਤਕ ਹੋਏ। ਉੱਥੇ ਹੀ, ਫਰਵਰੀ ਮਹੀਨੇ ’ਚ ਸ਼ਰਧਾਲੂਆਂ ਦੀ ਗਿਣਤੀ ਸਭ ਤੋਂ ਘੱਟ (3.61 ਲੱਖ) ਰਹੀ। ਜ਼ਿਕਰਯੋਗ ਹੈ ਕਿ ਸਾਲ 2012 ’ਚ ਸ਼ਰਧਾਲੂਆਂ ਦੀ ਗਿਣਤੀ 1 ਕਰੋੜ ਨੂੰ ਪਾਰ ਕਰ ਗਈ ਸੀ। ਇਸ ਤੋਂ ਬਾਅਦ ਸ਼ਰਧਾਲੂਆਂ ਦੀ ਗਿਣਤੀ ’ਚ ਲਗਾਤਾਰ ਗਿਰਾਵਟ ਦਰਜ ਕੀਤੀ ਗਈ। ਉੱਥੇ ਹੀ, ਜੇਕਰ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਸ਼ਰਧਾਲੂਆਂ ਦੀ ਗਿਣਤੀ 55.88 ਲੱਖ ਦੇ ਕਰੀਬ ਸੀ।


ਵੈਸ਼ਨੋ ਦੇਵੀ ਭਵਨ ਵਿਖੇ ਨਵੇਂ ਸਾਲ ਦੀ ਆਮਦ ’ਤੇ ਸ਼੍ਰਾਈਨ ਬੋਰਡ ਵੱਲੋਂ ਵਿਸ਼ੇਸ਼ ਰਣਨੀਤੀ ਤਿਆਰ ਕੀਤੀ ਗਈ ਹੈ। ਇਹ ਜਾਣਕਾਰੀ ਸ਼੍ਰਾਈਨ ਬੋਰਡ ਦੇ ਸੀ. ਈ. ਓ. ਅੰਸ਼ੁਲ ਗਰਗ ਨੇ ‘ਜਗ ਬਾਣੀ’ ਦੇ ਪ੍ਰਤੀਨਿਧੀ ਨੂੰ ਦਿੱਤੀ। ਗਰਗ ਨੇ ਦੱਸਿਆ ਕਿ ਇਸ ਵਾਰ ਨਿਯੰਤਰਿਤ ਤਰੀਕੇ ਨਾਲ ਹੀ ਨਵੇਂ ਸਾਲ ’ਤੇ ਸ਼ਰਧਾਲੂਆਂ ਨੂੰ ਯਾਤਰਾ ਮਾਰਗ ’ਤੇ ਅੱਗੇ ਵਧਣ ਦੀ ਇਜਾਜ਼ਤ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਹਰ ਸ਼ਰਧਾਲੂ ਲਈ ਆਰ. ਐੱਫ. ਆਈ. ਡੀ. ਯਾਤਰਾ ਕਾਰਡ ਲੈਣਾ ਲਾਜ਼ਮੀ ਹੋਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਯਾਤਰਾ ਤੋਂ ਵਾਪਸ ਪਰਤੇ ਸ਼ਰਧਾਲੂਆਂ ਨੂੰ ਬਾਣ ਗੰਗਾ, ਤਾਰਾ ਕੋਰਟ ਜਾਂ ਹੈਲੀਪੈਡ ’ਤੇ ਆਰ. ਐੱਫ. ਆਈ. ਡੀ. ਕਾਰਡ ਵਾਪਸ ਕਰਨਾ ਹੋਵੇਗਾ। ਗਰਗ ਨੇ ਦੱਸਿਆ ਕਿ ਯਾਤਰਾ ’ਤੇ ਵਿਸ਼ੇਸ਼ ਨਜ਼ਰ ਰੱਖਣ ਲਈ ਯਾਤਰਾ ਮਾਰਗ ’ਤੇ ਕੈਮਰਿਆਂ ਦੀ ਗਿਣਤੀ ਵੀ ਵਧਾ ਦਿੱਤੀ ਗਈ ਹੈ। ਉੱਥੇ ਹੀ, ਵੈਸ਼ਨੋ ਦੇਵੀ ਭਵਨ ਸਮੇਤ ਕਟੜਾ ’ਚ ਪੁਆਇੰਟ ਕੰਟਰੋਲ ਰੂਮ ਵੀ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਇਸ ’ਚ ਕੋਈ ਸ਼ੱਕ ਨਹੀਂ ਕਿ ਦੇਸ਼ ਭਰ ’ਚ ਕੋਰੋਨਾ ਇਨਫੈਕਸ਼ਨ ਦੇ ਕੁਝ ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਇਸ ਸਬੰਧ ’ਚ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ। ਇਸੇ ਦੇ ਤਹਿਤ ਸ਼ਰਧਾਲੂਆਂ ਲਈ ਮਾਸਕ ਪਹਿਨਣਾ ਲਾਜ਼ਮੀ ਕੀਤਾ ਗਿਆ ਹੈ। ਇਮਾਰਤ ’ਤੇ ਡਿਊਟੀ ’ਤੇ ਮੌਜੂਦ ਸ਼੍ਰਾਈਨ ਬੋਰਡ ਦੇ ਕਰਮਚਾਰੀਆਂ ਨੂੰ ਵੀ ਮਾਸਕ ਪਹਿਨਣ ਦੇ ਨਿਰਦੇਸ਼ ਦਿੱਤੇ ਗਏ ਹਨ।


author

DIsha

Content Editor

Related News