ਕੁਝ ਲੋਕਾਂ ’ਚ ਟੀਕਾਕਰਨ ਤੋਂ ਬਾਅਦ ਚਮੜੀ ਸਬੰਧੀ ਸਮੱਸਿਆਵਾਂ ਆਈਆਂ ਨਜ਼ਰ: ਚਮੜੀ ਰੋਗ ਮਾਹਰ

Tuesday, Jun 22, 2021 - 05:46 PM (IST)

ਨਵੀਂ ਦਿੱਲੀ (ਭਾਸ਼ਾ)— ਕੁਝ ਲੋਕਾਂ ਵਿਚ ਕੋਵਿਡ ਟੀਕਾਕਰਨ ਤੋਂ ਬਾਅਦ ਚਮੜੀ ’ਤੇ ਦਾਣਿਆਂ ਅਤੇ ਧੱਫੜ ਤੋਂ ਲੈ ਕੇ ਹੋਰ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ। ਹਾਲਾਂਕਿ ਚਮੜੀ ਰੋਗ ਮਾਹਰਾਂ ਮੁਤਾਬਕ ਇਸ ਤਰ੍ਹਾਂ ਦੇ ਮਾਮਲਿਆਂ ਦੀ ਗਿਣਤੀ ਬਹੁਤ ਘੱਟ ਹੈ। ਡਾਕਟਰਾਂ ਮੁਤਾਬਕ ਕੋਰੋਨਾ ਵਾਇਰਸ ਰੋਕੂ ਟੀਕਾ ਲਗਵਾਉਣ ਤੋਂ ਬਾਅਦ ਬੁਖ਼ਾਰ, ਸਰੀਰ ’ਚ ਦਰਦ ਅਤੇ ਕਮਜ਼ੋਰੀ ਵਰਗੇ ਲੱਛਣ ਆਮ ਹਨ ਪਰ ਕੁਝ ਲੋਕਾਂ ਨੇ ਚਮੜੀ ਸਬੰਧੀ ਮੁਸ਼ਕਲਾਂ ਦੀ ਵੀ ਸ਼ਿਕਾਇਤ ਕੀਤੀ ਹੈ। 

ਦਿੱਲੀ ਦੇ ਕੁਝ ਮੁੱਖ ਹਸਪਤਾਲਾਂ ਦੇ ਚਮੜੀ ਰੋਗ ਮਾਹਰਾਂ ਮੁਤਾਬਕ ਟੀਕਾਕਰਨ ਤੋਂ ਬਾਅਦ ਕੁਝ ਰੋਗ ਸ਼ੁਰੂਆਤੀ ਦਿਨਾਂ ਤੋਂ ਲੈ ਕੇ ਅਗਲੇ ਕੁਝ ਹਫ਼ਤਿਆਂ ਤੱਕ ਹਸਪਤਾਲਾਂ ’ਚ ਅਜਿਹੀਆਂ ਵੱਖ-ਵੱਖ ਸਮੱਸਿਆਵਾਂ ਨਾਲ ਆਏ ਹਨ। ਹਾਲਾਂਕਿ ਦਿੱਲੀ ਅਤੇ ਮੁੰਬਈ ਦੇ ਚਮੜੀ ਰੋਗ ਮਾਹਰਾਂ ਦਾ ਕਹਿਣਾ ਹੈ ਕਿ ਅਜੇ ਤੱਕ ਅਜਿਹੇ ਬਹੁਤ ਘੱਟ ਮਾਮਲੇ ਸਾਹਮਣੇ ਆਏ ਹਨ ਅਤੇ ਟੀਕਾਕਰਨ ਤੋਂ ਬਾਅਦ ਲੋਕਾਂ ’ਚ ਕੋਈ ਵੱਡੀ ਸਮੱਸਿਆ ਨਹੀਂ ਵੇਖੀ ਗਈ ਹੈ, ਇਸ ਲਈ ਉਨ੍ਹਾਂ ਨੂੰ ਟੀਕਾ ਲਗਵਾਉਣ ’ਚ ਝਿਜਕਣਾ ਨਹੀਂ ਚਾਹੀਦਾ। 

ਦਿੱਲੀ ਦੇ ਵਸੰਤ ਕੁੰਜ ਸਥਿਤ ਫੋਰਟਿਸ ਹਸਪਤਾਲ ਦੀ ਡਾ. ਨਿਧੀ ਰੋਹਤਗੀ ਨੇ ਕਿਹਾ ਕਿ ਕੋਵਿਡ-19 ਹੋਣ ਮਗਰੋਂ ਕਈ ਲੋਕਾਂ ਵਿਚ ਚਮੜੀ ਸਬੰਧੀ ਮੁਸ਼ਕਲਾਂ ਵੇਖਣ ਨੂੰ ਮਿਲੀਆਂ ਹਨ ਪਰ ਟੀਕਾਕਰਨ ਤੋਂ ਬਾਅਦ ਵੀ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਦੇ ਮਾਮਲੇ ਮਾਮੂਲੀ ਹਨ। ਮੁੰਬਈ ਦੀ ਚਮੜੀ ਰੋਗ ਮਾਹਰ ਡਾ. ਸੋਨਾਲੀ ਕੋਹਲੀ ਨੇ ਕਿਹਾ ਕਿ ਮੇਰੇ ਸਾਹਮਣੇ ਚਮੜੀ ਸਬੰਧੀ ਸਮੱਸਿਆਵਾਂ ਅਤੇ ਬਾਲ ਝੜਨ ਦੀਆਂ ਸਮੱਸਿਆਵਾਂ ਦੇ ਕੁਝ ਮਾਮਲੇ ਆਏ ਹਨ ਪਰ ਅਜਿਹਾ ਆਮ ਤੌਰ ’ਤੇ ਟੀਕਾਕਰਨ ਦੇ ਦੋ ਤੋਂ ਤਿੰਨ ਹਫ਼ਤੇ ਬਾਅਦ ਹੁੰਦਾ ਹੈ। ਉਨ੍ਹਾਂ ਨੇ ਹਾਲਾਂਕਿ ਦੱਸਿਆ ਕਿ ਅਜਿਹੇ ਮਾਮਲੇ ਬਹੁਤ ਘੱਟ ਹਨ ਅਤੇ ਇਸ ਤੋਂ ਇਹ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਟੀਕਾ ਲਗਵਾਉਣ ਅਤੇ ਚਮੜੀ ਸਬੰਧੀ ਸਮੱਸਿਆਵਾਂ ਹੋਣ ਵਿਚ ਕੋਈ ਸਿੱਧਾ ਸਬੰਧ ਹੈ। 


Tanu

Content Editor

Related News