ਲਾਭ ਅਹੁਦਾ ਮਾਮਲਾ: ਦਿੱਲੀ ਦੀ ਜਨਤਾ ਦੇ ਨਾਂ ਸਿਸੌਦੀਆ ਦਾ ਖੁੱਲ੍ਹਾ ਖੱਤ

01/22/2018 1:07:17 PM

ਨਵੀਂ ਦਿੱਲੀ— ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਐਤਵਾਰ ਨੂੰ 'ਲਾਭ ਦਾ ਅਹੁਦਾ' ਰੱਖਣ ਨੂੰ ਲੈ ਕੇ ਦਿੱਲੀ 'ਚ ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ ਨੂੰ ਅਯੋਗ ਐਲਾਨ ਕਰ ਦਿੱਤਾ ਹੈ, ਜਿਸ ਨਾਲ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੌਦੀਆ ਨੇ ਇਸ 'ਤੇ ਕਿਹਾ ਕਿ ਕੋਈ ਸੁਣਵਾਈ ਨਹੀਂ ਹੋਈ ਅਤੇ ਸਾਨੂੰ ਸਾਡਾ ਰੁਖ ਸਪੱਸ਼ਟ ਕਰਨ ਦਾ ਮੌਕਾ ਨਹੀਂ ਮਿਲਿਆ। ਉੱਥੇ ਹੀ ਉਨ੍ਹਾਂ ਨੇ ਦਿੱਲੀ ਦੀ ਜਨਤਾ ਦੇ ਨਾਂ ਅੱਜ ਯਾਨੀ ਸੋਮਵਾਰ ਨੂੰ ਖੁੱਲ੍ਹਾ ਖੱਤ ਲਿਖਿਆ ਹੈ। ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਸ ਖੱਤ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਕਿ ਕੀ ਚੁਣੇ ਹੋਏ ਵਿਧਾਇਕਾਂ ਨੂੰ ਇਸ ਤਰ੍ਹਾਂ ਗੈਰ-ਸੰਵਿਧਾਨਕ ਅਤੇ ਗੈਰ-ਕਾਨੂੰਨੀ ਤਰੀਕੇ ਨਾਲ ਬਰਖ਼ਾਸਤ ਕਰਨਾ ਸਹੀ ਹੈ? ਕੀ ਦਿੱਲੀ ਨੂੰ ਇਸ ਤਰ੍ਹਾਂ ਚੋਣਾਂ 'ਚ ਧੱਕਣਾ ਠੀਕ ਹੈ? ਕੀ ਇਹ ਗੰਦੀ ਰਾਜਨੀਤੀ ਨਹੀਂ ਹੈ?

ਉਨ੍ਹਾਂ ਨੇ ਖੱਤ 'ਚ ਲਿਖਿਆ ਕਿ ਮੈਂ ਦੁਖੀ ਜ਼ਰੂਰ ਹਾਂ ਪਰ ਨਿਰਾਸ਼ ਨਹੀਂ ਹਾਂ, ਕਿਉਂਕਿ ਮੈਨੂੰ ਲੋਕਾਂ 'ਤੇ ਭਰੋਸਾ ਹੈ। ਉਨ੍ਹਾਂ ਨੇ ਲਿਖਿਆ ਕਿ ਦਿੱਲੀ ਦੇ ਲੋਕ ਮੇਰੀ ਆਸ ਹਨ। ਜ਼ਿਕਰਯੋਗ ਹੈ ਕਿ ਚੋਣ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਸਿਫਾਰਿਸ਼ ਕੀਤੀ ਸੀ ਕਿ 13 ਮਾਰਚ 2015 ਅਤੇ 8 ਸਤੰਬਰ 2016 ਦਰਮਿਆਨ ਲਾਭ ਦਾ ਅਹੁਦਾ ਰੱਖਣ ਨੂੰ ਲੈ ਕੇ 20 ਵਿਧਾਇਕ ਅਯੋਗ ਠਹਿਰਾਏ ਜਾਣ ਦੇ ਹੱਕਦਾਰ ਹਨ। ਸੰਬੰਧਤ 'ਆਪ' ਵਿਧਾਇਕਾਂ ਨੂੰ ਸੰਸਦੀ ਸਕੱਤਰ ਨਿਯੁਕਤ ਕੀਤਾ ਗਿਆ ਸੀ ਅਤੇ ਪਟੀਸ਼ਨਕਰਤਾ ਪ੍ਰਸ਼ਾਂਤ ਪਟੇਲ ਨੇ ਕਿਹਾ ਸੀ ਕਿ ਇਹ ਉਨ੍ਹਾਂ ਕੋਲ ਲਾਭ ਦਾ ਅਹੁਦਾ ਹੈ। ਮੁੱਦੇ 'ਤੇ ਰਾਸ਼ਟਰਪਤੀ ਨੂੰ ਰਾਏ ਦਿੰਦੇ ਹੋਏ ਚੋਣ ਕਮਿਸ਼ਨ ਨੇ ਕਿਹਾ ਸੀ ਕਿ ਵਿਧਾਇਕਾਂ ਨੇ ਸੰਸਦੀ ਸਕੱਤਰ ਦਾ ਅਹੁਦਾ ਲੈ ਕੇ ਲਾਭ ਦਾ ਅਹੁਦਾ ਹਾਸਲ ਕੀਤਾ ਹੈ ਅਤੇ ਉਹ ਵਿਧਾਇਕ ਦੇ ਰੂਪ 'ਚ ਅਯੋਗ ਠਹਿਰਾਏ ਜਾਣ ਦੇ ਹੱਕਦਾਰ ਹਨ।


Related News