ਸਿੱਖ ਵਫ਼ਦ ਨੇ ਦਸਤਾਰ ਸਜਾ ਕੇ PM ਮੋਦੀ ਨੂੰ ਕੀਤਾ ਸਨਮਾਨਤ, ਲੰਮੀ ਉਮਰ ਲਈ ਕੀਤੀ ਅਰਦਾਸ

Monday, Sep 19, 2022 - 02:46 PM (IST)

ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਮੌਕੇ ਰਾਜਧਾਨੀ ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ‘ਅਖੰਡ ਪਾਠ’ ਕਰਵਾਉਣ ਵਾਲੇ ਸਿੱਖਾਂ ਦੇ ਵਫ਼਼ਦ ਨੇ ਸੋਮਵਾਰ ਨੂੰ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਪ੍ਰਸ਼ਾਦ ਅਤੇ ਆਪਣਾ ਆਸ਼ੀਰਵਾਦ ਦਿੱਤਾ। ਪ੍ਰਧਾਨ ਮੰਤਰੀ ਦਫ਼ਤਰ (ਪੀ.ਐੱਮ.ਓ.) ਦੇ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਆਪਣੇ ਆਪ 'ਚ ਪਹਿਲਾ ਮੌਕਾ ਹੈ, ਜਦੋਂ ਕਿਸੇ ਗੁਰਦੁਆਰੇ ਨੇ ਪ੍ਰਧਾਨ ਮੰਤਰੀ ਲਈ 'ਅਖੰਡ ਪਾਠ' ਕਰਵਾਇਆ ਹੈ। ਪ੍ਰਧਾਨ ਮੰਤਰੀ ਦੇ ਜਨਮ ਦਿਨ 15 ਸਤੰਬਰ ਤੋਂ 17 ਸਤੰਬਰ ਤੱਕ ਕਰਵਾਏ ਗਏ ਇਸ 'ਅਖੰਡ ਪਾਠ' ਦੌਰਾਨ ਗੁਰਦੁਆਰਾ ਸਾਹਿਬ ਵੱਲੋਂ ਲੰਗਰ, ਸਿਹਤ ਕੈਂਪ ਅਤੇ ਖੂਨਦਾਨ ਕੈਂਪ ਵੀ ਲਗਾਏ ਗਏ। ਇਸ 'ਅਖੰਡ ਪਾਠ' 'ਚ ਹਜ਼ਾਰਾਂ ਸਿੱਖ ਸ਼ਰਧਾਲੂਆਂ ਨੇ ਹਾਜ਼ਰੀ ਭਰੀ। ਅਧਿਕਾਰੀ ਨੇ ਦੱਸਿਆ ਕਿ ਸਿੱਖ ਵਫ਼ਦ ਨੇ ਪ੍ਰਧਾਨ ਮੰਤਰੀ ਨਾਲ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਸੱਤ, ਲੋਕ ਕਲਿਆਣ ਮਾਰਗ 'ਤੇ ਮੁਲਾਕਾਤ ਕੀਤੀ, ਉਨ੍ਹਾਂ ਨੂੰ ਪ੍ਰਸ਼ਾਦ ਸੌਂਪਿਆ ਅਤੇ ਨਾਲ ਹੀ ਆਸ਼ੀਰਵਾਦ ਵੀ ਦਿੱਤਾ। ਵਫ਼ਦ ਦੇ ਮੈਂਬਰਾਂ ਨੇ ਪ੍ਰਧਾਨ ਮੰਤਰੀ ਨੂੰ ਦਸਤਾਰ ਬੰਨ੍ਹੀ ਅਤੇ ਉਨ੍ਹਾਂ ਨੂੰ ਸਿਰੋਪਾਓ ਭੇਟ ਕੀਤਾ। ਇਸ ਮੌਕੇ ਪ੍ਰਧਾਨ ਮੰਤਰੀ ਦੀ ਲੰਬੀ ਉਮਰ ਲਈ ਅਰਦਾਸ ਵੀ ਕੀਤੀ ਗਈ।

PunjabKesari

ਪ੍ਰਧਾਨ ਮੰਤਰੀ ਦਫ਼ਤਰ ਦੇ ਅਧਿਕਾਰੀ ਅਨੁਸਾਰ ਪ੍ਰਧਾਨ ਮੰਤਰੀ ਨੇ ਵਫ਼ਦ ਨੂੰ ਮਿਲਣ 'ਤੇ ਖੁਸ਼ੀ ਪ੍ਰਗਟਾਈ ਅਤੇ ਉਨ੍ਹਾਂ ਦੀਆਂ ਸ਼ੁਭਕਾਮਨਾਵਾਂ ਲਈ ਧੰਨਵਾਦ ਪ੍ਰਗਟਾਇਆ। ਉਨ੍ਹਾਂ ਅਨੁਸਾਰ ਪ੍ਰਧਾਨ ਮੰਤਰੀ ਨੇ ਵਫ਼ਦ ਨੂੰ ਕਿਹਾ ਕਿ ਉਹ ਉਨ੍ਹਾਂ ਵੱਲੋਂ ਮਿਲੇ ਸਨਮਾਨ ਲਈ ਧੰਨਵਾਦੀ ਹਨ ਅਤੇ ਮਹਿਸੂਸ ਕਰਦੇ ਹਨ ਕਿ ਉਹ ਸਿੱਖ ਭਾਈਚਾਰੇ ਦਾ ਹਿੱਸਾ ਹਨ। ਉਨ੍ਹਾਂ ਦੋਹਰਾਇਆ ਕਿ ਉਨ੍ਹਾਂ ਦੀ ਸਰਕਾਰ ਸਿੱਖ ਕੌਮ ਦੀ ਭਲਾਈ ਲਈ ਵਚਨਬੱਧ ਹੈ। ਵਫ਼ਦ ਨੇ ਪ੍ਰਧਾਨ ਮੰਤਰੀ ਨੂੰ ਕਰਤਾਰਪੁਰ ਲਾਂਘਾ ਖੋਲ੍ਹਣ, ਗੁਰਦੁਆਰਿਆਂ ਵਲੋਂ ਲਗਾਏ ਲੰਗਰਾਂ ਤੋਂ ਗੁਡਸ ਐਂਡ ਸਰਵਿਸਿਜ਼ ਟੈਕਸ (ਜੀ.ਐੱਸ.ਟੀ.) ਹਟਾਉਣ, 26 ਦਸੰਬਰ ਨੂੰ 'ਵੀਰ ਬਾਲ ਦਿਵਸ' ਮਨਾਏ ਜਾਣ ਦਾ ਐਲਾਨ ਅਤੇ ਅਫਗਾਨਿਸਤਾਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਸਰੂਪ ਲਿਆਉਣ ਵਰਗੇ ਕਦਮਾਂ ਲਈ ਵਫ਼ਦ ਨੇ ਪ੍ਰਧਾਨ ਮੰਤਰੀ ਦੇ ਪ੍ਰਤੀ ਆਭਾਰ ਵੀ ਜਤਾਇਆ।

PunjabKesari


DIsha

Content Editor

Related News