ਕਰਨਾਟਕ : ਸ਼ਿਵਕੁਮਾਰ ਦੇ ਪਰਿਵਾਰ ਕੋਲ 1,414 ਕਰੋੜ ਰੁਪਏ ਦੀ ਜਾਇਦਾਦ, 68 ਫ਼ੀਸਦੀ ਵਧੀ

Wednesday, Apr 19, 2023 - 10:51 AM (IST)

ਕਰਨਾਟਕ : ਸ਼ਿਵਕੁਮਾਰ ਦੇ ਪਰਿਵਾਰ ਕੋਲ 1,414 ਕਰੋੜ ਰੁਪਏ ਦੀ ਜਾਇਦਾਦ, 68 ਫ਼ੀਸਦੀ ਵਧੀ

ਕਨਕਪੁਰਾ (ਏਜੰਸੀ)- ਕਰਨਾਟਕ ਕਾਂਗਰਸ ਪ੍ਰਧਾਨ ਡੀ.ਕੇ. ਸ਼ਿਵਕੁਮਾਰ ਦੇ ਪਰਿਵਾਰ ਕੋਲ ਕੁੱਲ 1,414 ਕਰੋੜ ਰੁਪਏ ਦੀ ਜਾਇਦਾਦ ਹੈ। ਉਨ੍ਹਾਂ ਦੀ ਜਾਇਦਾਦ ’ਚ 2018 ਤੋਂ ਹੁਣ ਤੱਕ 68 ਫ਼ੀਸਦੀ ਦਾ ਵਾਧਾ ਹੋਇਆ ਹੈ। ਸ਼ਿਵਕੁਮਾਰ ਨੇ ਸੂਬੇ ’ਚ ਅਗਲੀਆਂ ਵਿਧਾਨ ਸਭਾ ਚੋਣਾਂ ਲਈ ਕਨਕਪੁਰਾ ਸੀਟ ਤੋਂ ਸੋਮਵਾਰ ਨੂੰ ਨਾਮਜ਼ਦਗੀ ਪੱਤਰ ਦਾਖਲ ਕੀਤਾ। ਉਨ੍ਹਾਂ ਨੇ ਇਸ ਦੇ ਨਾਲ ਦਰਜ ਹਲਫਨਾਮੇ ’ਚ ਆਪਣੀ ਕੁੱਲ ਜਾਇਦਾਦ ਦੀ ਜਾਣਕਾਰੀ ਜਨਤਕ ਕੀਤੀ ਹੈ। ਇਸ ’ਚੋਂ ਕਾਂਗਰਸ ਨੇਤਾ ਦੇ ਕੋਲ 1,214 ਕਰੋੜ ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ ਹੈ, ਜਦੋਂ ਕਿ ਉਨ੍ਹਾਂ ਦੀ ਪਤਨੀ ਊਸ਼ਾ ਸ਼ਿਵਕੁਮਾਰ ਦੀ ਕੁੱਲ ਜਾਇਦਾਦ 153.3 ਕਰੋੜ ਰੁਪਏ ਹੈ। ਇਸ ਤੋਂ ਇਲਾਵਾ ਅਣਵੰਡੇ ਪਰਿਵਾਰ ਦੀ ਜਾਇਦਾਦ 61 ਕਰੋੜ ਰੁਪਏ ਹੈ।

ਹਲਫਨਾਮੇ ਤੋਂ ਪਤਾ ਲੱਗਦਾ ਹੈ ਕਿ ਸ਼ਿਵਕੁਮਾਰ ਦੀ ਕਮਾਈ ਦਾ ਸਰੋਤ ਖੇਤੀ, ਕਿਰਾਇਆ ਅਤੇ ਵੱਖ-ਵੱਖ ਕੰਪਨੀਆਂ ਅਤੇ ਕਾਰੋਬਾਰਾਂ ’ਚ ਸ਼ੇਅਰ ਹਨ। ਉਨ੍ਹਾਂ ਦੀ ਦੇਣਦਾਰੀ 226 ਕਰੋੜ ਰੁਪਏ ਹੈ। ਕਾਂਗਰਸ ਨੇਤਾ ਦੀ ਸਾਲਾਨਾ ਕਮਾਈ 14.24 ਕਰੋੜ ਰੁਪਏ ਹੈ, ਜਦੋਂ ਕਿ ਉਨ੍ਹਾਂ ਦੀ ਪਤਨੀ ਦੀ 1.9 ਕਰੋੜ ਰੁਪਏ ਹੈ। ਉਨ੍ਹਾਂ ਕੋਲ 2.184 ਕਿੱਲੋ ਸੋਨਾ, 12.6 ਕਿੱਲੋ ਚਾਂਦੀ, 1.066 ਕਿੱਲੋ ਸੋਨੇ ਦੇ ਗਹਿਣੇ ਅਤੇ 324 ਗ੍ਰਾਮ ਹੀਰਿਆਂ ਸਮੇਤ ਭਾਰੀ ਮਾਤਰਾ ’ਚ ਕੀਮਤੀ ਧਾਤਾਂ ਅਤੇ ਰਤਨ ਹਨ। ਉਨ੍ਹਾਂ ਨੇ ਕ੍ਰਮਵਾਰ 23 ਲੱਖ ਰੁਪਏ ਅਤੇ 9 ਲੱਖ ਰੁਪਏ ਦੀਆਂ ਹਬਲੋਟ ਅਤੇ ਰੋਲੈਕਸ ਘੜੀਆਂ ਦਾ ਮਾਲਕ ਹੋਣ ਦਾ ਵੀ ਐਲਾਨ ਕੀਤਾ ਹੈ। ਕਰਨਾਟਕ ’ਚ 10 ਮਈ ਨੂੰ ਵੋਟਾਂ ਪੈਣੀਆਂ ਹਨ ਅਤੇ ਵੋਟਾਂ ਦੀ ਗਿਣਤੀ 13 ਮਈ ਨੂੰ ਹੋਵੇਗੀ।


author

DIsha

Content Editor

Related News