ਸਾਨੂੰ ਝੁੱਕਣਾ ਨਹੀਂ ਸਿਖਾਇਆ ਗਿਆ, 27 ਸਤੰਬਰ ਨੂੰ ਜਾਵਾਂਗਾ ਈ.ਡੀ. ਦੇ ਦਫ਼ਤਰ : ਸ਼ਰਦ

09/25/2019 4:29:07 PM

ਮੁੰਬਈ— ਰਾਕਾਂਪਾ ਪ੍ਰਧਾਨ ਸ਼ਰਦ ਪਵਾਰ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਉਨ੍ਹਾਂ ਵਿਰੁੱਧ ਦਰਜ ਧਨ ਸੋਧ ਦੇ ਮਾਮਲੇ ਦੇ ਸਿਲਸਿਲੇ 'ਚ 27 ਸਤੰਬਰ ਨੂੰ ਏਜੰਸੀ ਦੇ ਦਫ਼ਤਰ ਜਾਣਗੇ। ਪਵਾਰ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਕਾਰਵਾਈ ਦੇ ਸਮੇਂ 'ਤੇ ਵੀ ਸਵਾਲ ਚੁੱਕਿਆ। ਈ.ਡੀ. ਨੇ 21 ਅਕਤੂਬਰ ਨੂੰ ਹੋਣ ਵਾਲੀਆਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਤੋਂ ਕੁਝ ਦਿਨ ਪਹਿਲਾਂ ਹੀ ਇਹ ਕਾਰਵਾਈ ਕੀਤੀ ਹੈ। ਰਾਕਾਂਪਾ ਪ੍ਰਧਾਨ ਨੇ ਕਿਹਾ ਕਿ ਉਹ 27 ਸਤੰਬਰ ਨੂੰ ਦੁਪਹਿਰ 2 ਵਜੇ ਈ.ਡੀ. ਦਫ਼ਤਰ ਜਾਣਗੇ ਅਤੇ ਮਹਾਰਾਸ਼ਟਰ ਰਾਜ ਸਹਿਕਾਰੀ ਬੈਂਕ ਘਪਲੇ ਦੇ ਸਿਲਸਿਲੇ 'ਚ ਜੋ ਵੀ ਜਾਣਕਾਰੀ ਉਨ੍ਹਾਂ ਕੋਲ ਹੋਵੇਗੀ, ਏਜੰਸੀ ਨੂੰ ਦੇਵਾਂਗੇ।

ਪਵਾਰ ਨੇ ਕਿਹਾ,''ਮੈਂ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਲਈ ਜ਼ਿਆਦਾਤਰ ਮੁੰਬਈ ਤੋਂ ਬਾਹਰ ਰਹਾਂਗਾ। ਏਜੰਸੀ ਦੇ ਅਧਿਕਾਰੀਆਂ ਨੂੰ ਇਹ ਨਹੀਂ ਸਮਝਣਾ ਚਾਹੀਦਾ ਕਿ ਮੈਂ ਉਪਲੱਬਧ ਨਹੀਂ ਹਾਂ। ਮੈਂ ਉਨ੍ਹਾਂ ਕੋਲ ਜਾਵਾਂਗਾ ਅਤੇ ਜੋ ਵੀ ਜਾਣਕਾਰੀ ਉਹ ਚਾਹੁੰਦੇ ਹਨ, ਉਨ੍ਹਾਂ ਨੂੰ ਦੇਵਾਂਗਾ।'' ਉਨ੍ਹਾਂ ਨੇ ਕਿਹਾ ਕਿ ਉਹ ਭਾਰਤ ਦੇ ਸੰਵਿਧਾਨ 'ਚ ਭਰੋਸਾ ਰੱਖਦੇ ਹਨ। ਪਵਾਰ ਨੇ ਕਿਹਾ,''ਮਹਾਰਾਸ਼ਟਰ ਛੱਤਰਪਤੀ ਸ਼ਿਵਾਜੀ ਮਹਾਰਾਜ ਦੇ ਵਿਚਾਰਾਂ 'ਤੇ ਚੱਲਦਾ ਹੈ। ਸਾਨੂੰ ਦਿੱਲੀ ਤਖਤ ਦੇ ਸਾਹਮਣੇ ਝੁੱਕਣਾ ਨਹੀਂ ਆਉਂਦਾ।'' ਈ.ਡੀ. ਨੇ ਬੈਂਕ ਘਪਲੇ ਦੇ ਸਿਲਸਿਲੇ 'ਚ ਪਵਾਰ, ਉਨ੍ਹਾਂ ਦੇ ਭਤੀਜੇ ਅਜੀਤ ਪਵਾਰ ਅਤੇ ਹੋਰ ਦੇ ਵਿਰੁੱਧ ਧਨ ਸੋਧ ਦਾ ਮਾਮਲਾ ਦਰਜ ਕੀਤਾ ਹੈ। ਮਾਮਲਾ ਮੁੰਬਈ ਪੁਲਸ 'ਚ ਦਰਜ ਇਕ ਸ਼ਿਕਾਇਤ 'ਤੇ ਆਧਾਰਤ ਹੈ।


DIsha

Content Editor

Related News