ਜਲੰਧਰ ਦੇ ਇਸ ਇਲਾਕੇ ਨੂੰ ਪੁਲਸ ਨੇ ਪਾ ਲਿਆ ਘੇਰਾ! ਹੋ ਗਿਆ ਵੱਡਾ ਐਕਸ਼ਨ
Tuesday, Jan 06, 2026 - 02:01 PM (IST)
ਜਲੰਧਰ (ਸੁਨੀਲ/ਪੰਕਜ/ਕੁੰਦਨ): ਨਸ਼ਿਆਂ ਵਿਰੁੱਧ ਛੇੜੀ ਜੰਗ ਤਹਿਤ ਜਲੰਧਰ ਦੇ ਬਸਤੀ ਬਾਵਾ ਖੇਲ ਵਿਚ ਰਾਜ ਨਗਰ ਵਿਚ ਪ੍ਰਸ਼ਾਸਨ ਵੱਲੋਂ ਤਸਕਰ ਦੇ ਘਰ 'ਤੇ ਐਕਸ਼ਨ ਲਿਆ ਜਾ ਰਿਹਾ ਹੈ। ਜਿੱਥੇ ਨਗਰ ਨਿਗਮ ਤੇ ਪੁਲਸ ਫ਼ੋਰਸ ਦੀ ਮੌਜੂਦਗੀ ਵਿਚ ਤਸਕਰ ਦੇ ਨਾਜਾਇਜ਼ ਤਰੀਕੇ ਨਾਲ ਬਣੇ ਘਰ 'ਤੇ ਪੀਲਾ ਪੰਜਾ ਚਲਾਇਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਨਗਰ ਨਿਗਮ ਦੀ ਟੀਮ ਵੱਲੋਂ ਨਰਿੰਦਰ ਕੁਮਾਰ ਉਰਫ਼ ਬਾਬਾ ਨੂੰ ਨੋਟਿਸ ਵੀ ਦਿੱਤਾ ਜਾ ਚੁੱਕਿਆ ਹੈ, ਪਰ ਨੋਟਿਸ ਦਾ ਜਵਾਬ ਨਾ ਮਿਲਣ ਕਾਰਨ ਅੱਜ ਪੁਲਸ ਦੀ ਮੌਜੂਦਗੀ ਵਿਚ ਉਸ ਦੇ ਘਰ 'ਤੇ ਕਾਰਵਾਈ ਕੀਤੀ ਜਾ ਰਹੀ ਹੈ।
ਇਸ ਦੌਰਾਨ ਨਗਰ ਨਿਗਮ ਦੀ ਟੀਮ ਦੇ ਨਾਲ ਏ. ਸੀ. ਪੀ. ਆਤਿਸ਼ ਭਾਟੀਆ ਤੇ ਬਸਤੀ ਬਾਵਾ ਖੇਲ ਦੇ ਐੱਸ. ਐੱਚ. ਓ. ਮੌਕੇ 'ਤੇ ਮੌਜੂਦ ਹਨ। ਉੱਥੇ ਹੀ ਮਾਮਲੇ ਦੀ ਜਾਣਕਾਰੀ ਦਿੰਦਿਆਂ ਏ. ਸੀ. ਪੀ. ਨੇ ਕਿਹਾ ਕਿ ਉਨ੍ਹਾਂ ਨੂੰ ਨਗਰ ਨਿਗਮ ਦੀ ਟੀਮ ਵੱਲੋਂ ਪੱਤਰ ਜਾਰੀ ਕੀਤਾ ਗਿਆ ਸੀ, ਜਿਸ ਵਿਚ ਨਰਿੰਦਰ ਕੁਮਾਰ ਉਰਫ਼ ਬਾਬਾ ਦੇ ਘਰ 'ਤੇ ਪੀਲਾ ਪੰਜਾ ਚਲਾਉਣ ਮੌਕੇ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ, ਇਸ ਲਈ ਪੁਲਸ ਸੁਰੱਖਿਆ ਦੀ ਮੰਗ ਕੀਤੀ ਗਈ ਸੀ।
ਇਸ ਕਾਰਨ ਉਹ ਪੁਲਸ ਫ਼ੋਰਸ ਦੇ ਨਾਲ ਮੌਕੇ 'ਤੇ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਪੁਲਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਨਰਿੰਦਰ ਕੁਮਾਰ ਉਰਫ਼ ਬਾਬਾ 'ਤੇ ਤਸਕਰੀ ਸਮੇਤ ਵੱਖ-ਵੱਖ ਮਾਮਲਿਆਂ 'ਚ 14 FIR ਦਰਜ ਹਨ। ਮੁਲਜ਼ਮ ਦੇ ਘਰ 'ਤੇ ਨਾਜਾਇਜ਼ ਉਸਾਰੀ ਨੂੰ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਚਲਾਈ ਗਈ ਯੁੱਧ ਨਸ਼ੇ ਵਿਰੁੱਧ ਮੁਹਿੰਮ ਤਹਿਤ ਤਸਕਰ ਦੇ ਖ਼ਿਲਾਫ਼ ਐਕਸ਼ਨ ਲਿਆ ਜਾ ਰਿਹਾ ਹੈ।
