''ਆਪ'' ਆਗੂ ਦੇ ਦਫ਼ਤਰ ਮੂਹਰੇ ਫ਼ਾਇਰਿੰਗ! ਗੋਲਡੀ ਬਰਾੜ ਗੈਂਗ ਨੇ ਦਿੱਤਾ ਸੀ 2 ਘੰਟਿਆਂ ਦਾ ''ਅਲਟੀਮੇਟਮ''

Tuesday, Jan 06, 2026 - 12:20 PM (IST)

''ਆਪ'' ਆਗੂ ਦੇ ਦਫ਼ਤਰ ਮੂਹਰੇ ਫ਼ਾਇਰਿੰਗ! ਗੋਲਡੀ ਬਰਾੜ ਗੈਂਗ ਨੇ ਦਿੱਤਾ ਸੀ 2 ਘੰਟਿਆਂ ਦਾ ''ਅਲਟੀਮੇਟਮ''

ਲੁਧਿਆਣਾ (ਰਾਜ): ਮਹਾਨਗਰ ਦੇ ਪਾਸ਼ ਇਲਾਕੇ ਸਿਵਲ ਸਿਟੀ ਵਿਚ ਉਸ ਵੇਲੇ ਦਹਿਸ਼ਤ ਫ਼ੈਲ ਗਈ, ਜਦੋਂ ਦੇਰ ਰਾਤ ਬਾਈਕ ਸਵਾਰ ਤਿੰਨ ਨਕਾਬਪੋਸ਼ ਨੌਜਵਾਨਾਂ ਨੇ ਇਕ ਰੈਡੀਮੇਡ ਗਾਰਮੈਂਟ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦਿਆਂ ਤਾਬੜਤੋੜ ਗੋਲ਼ੀਆਂ ਚਲਾ ਦਿੱਤੀਆਂ। ਵਾਰਦਾਤ ਆਮ ਆਦਮੀ ਪਾਰਟੀ ਦੇ ਕੌਂਸਲਰ ਦੇ ਦਫ਼ਦਰ ਦੇ ਬਿਲਕੁੱਲ ਸਾਹਮਣੇ ਹੋਈ, ਜਿਸ ਨਾਲ ਇਲਾਕੇ ਦੇ ਸੁਰੱਖਿਆ ਪ੍ਰਬੰਧਾਂ 'ਤੇ ਸਵਾਲ ਖੜ੍ਹੇ ਹੋ ਗਏ ਹਨ। ਗਨੀਮਤ ਇਹ ਰਹੀ ਕਿ ਵਾਰਦਾਤ ਵੇਲੇ ਦੁਕਾਨ ਬੰਦ ਸੀ, ਨਹੀਂ ਤਾਂ ਕੋਈ ਜਾਨੀ ਨੁਕਸਾਨ ਹੋ ਸਕਦਾ ਸੀ। 

ਵਿਦੇਸ਼ੀ ਨੰਬਰ ਤੋਂ ਆਇਆ ਸੀ ਧਮਕੀ ਭਰਿਆ ਫ਼ੋਨ 

ਪੀੜਤ ਦੁਕਾਨਦਾਰ ਹਿਮਾਂਸ਼ੂ ਨੇ ਦੱਸਿਆ ਕਿ ਉਸ ਨੂੰ ਦੋ ਦਿਨ ਪਹਿਲਾਂ ਇਕ ਵਿਦੇਸ਼ੀ ਨੰਬਰ ਤੋਂ ਫ਼ੋਨ ਆਇਆ ਸੀ। ਫ਼ੋਨ ਕਰਨ ਵਾਲੇ ਨੇ ਖ਼ੁਦ ਨੂੰ ਗੋਲਡੀ ਬਰਾੜ ਗੈਂਗ ਦਾ ਮੈਂਬਰ ਦੱਸਦਿਆਂ 50 ਲੱਖ ਰੁਪਏ ਦੀ ਫ਼ਿਰੌਤੀ ਮੰਗੀ ਸੀ। ਹਿਮਾਂਸ਼ੂ ਨੇ ਇਸ ਨੂੰ ਕਿਸੇ ਦੀ ਸ਼ਰਾਰਤ ਸਮਝ ਕੇ ਅਣਸੁਣਿਆ ਕਰ ਦਿੱਤਾ ਤੇ ਪੁਲਸ ਨੂੰ ਸੂਚਨਾ ਨਹੀਂ ਦਿੱਤੀ।

ਦਿੱਤਾ ਸੀ 2 ਘੰਟਿਆਂ ਦਾ 'ਅਲਟੀਮੇਟਮ'

ਬਦਮਾਸ਼ਾਂ ਦੇ ਹੌਸਲੇ ਇੰਨੇ ਬੁਲੰਦ ਸੀ ਕਿ ਸ਼ਨੀਵਾਰ ਰਾਤ ਨੂੰ ਹਿਮਾਂਸ਼ੂ ਦੇ ਫ਼ੋਨ 'ਤੇ ਇਕ ਵੁਆਇਸ ਮੈਸੇਜ ਭੇਜਿਆ ਗਿਆ। ਇਸ ਵਿਚ ਸਾਫ਼ ਤੌਰ 'ਤੇ ਚੇਤਾਵਨੀ ਦਿੱਤੀ ਗਈ ਕਿ ਹੁਣ ਤੇਰੇ ਕੋਲ ਸਿਰਫ਼ 2 ਘੰਟੇ ਬਚੇ ਹਨ। ਦੁਕਾਨਦਾਰ ਨੇ ਇਸ ਨੂੰ ਵੀ ਗੰਭੀਰਤਾ ਨਾਲ ਨਹੀਂ ਲਿਆ, ਜਿਸ ਦਾ ਨਤੀਜਾ ਸੋਮਵਾਰ ਰਾਤ ਨੂੰ ਹੋਈ ਇਸ ਫ਼ਾਇਰਿੰਗ ਦੇ ਰੂਪ ਵਿਚ ਸਾਹਮਣੇ ਆਇਆ। 

ਸੀ. ਸੀ. ਟੀ. ਵੀ. 'ਚ ਕੈਦ ਹੋਈ ਵਾਰਦਾਤ, ਇਲਾਕੇ 'ਚ ਦਹਿਸ਼ਤ

ਸੋਮਵਾਰ ਦੇਰ ਰਾਤ ਬਾਈਕ 'ਤੇ ਸਵਾਰ ਹੋ ਕੇ ਆਏ ਤਿੰਨ ਹਮਲਾਵਰਾਂ ਨੇ ਦੁਕਾਨ ਦੇ ਸ਼ਟਰ 'ਤੇ ਇਕ ਤੋਂ ਬਾਅਦ ਇਕ 5 ਰਾਊਂਡ ਫਾਇਰ ਕੀਤੇ। ਵਾਰਦਾਤ ਦਾ ਪਤਾ ਮੰਗਲਵਾਰ ਸਵੇਰੇ ਚੱਲਿਆ ਜਦੋਂ ਹਿਮਾਂਸ਼ੂ ਨੇ ਦੁਕਾਨ ਖ਼ੋਲ੍ਹੀ। ਸ਼ਟਰ 'ਤੇ ਗੋਲ਼ੀਆਂ ਦੇ ਨਿਸ਼ਾਨ ਤੇ ਬਾਹਰ ਪਏ ਖਾਲੀ ਖੋਲ ਵੇਖ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਸੂਚਨਾ ਮਿਲਦਿਆਂ ਹੀ ਥਾਣਾ ਪੁਲਸ ਤੇ ਉੱਚ ਅਧਿਕਾਰੀ ਭਾਰੀ ਫ਼ੋਰਸ ਨਾਲ ਮੌਕੇ 'ਤੇ ਪਹੁੰਚੇ। ਪੁਲਸ ਹੁਣ ਆਲੇ-ਦੁਆਲੇ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ ਤਾਂ ਜੋ ਹਮਲਾਵਰਾਂ ਦਾ ਪਤਾ ਲਗਾਇਆ ਜਾ ਸਕੇ। ਫੋਰੈਂਸਿਕ ਟੀਮ ਨੇ ਮੌਕੇ 'ਤੇ ਗੋਲ਼ੀਆਂ ਦੇ ਖੋਲ ਬਰਾਮਦ ਕਰ ਜਾਂਚ ਲਈ ਭੇਜ ਦਿੱਤੇ ਗਏ ਹਨ। 


author

Anmol Tagra

Content Editor

Related News