'ਸਾਨੂੰ ਸਰਦਾਰੀਆਂ ਬਹੁਤ ਮਹਿੰਗੇ ਭਾਅ 'ਤੇ ਮਿਲੀਆਂ', ਚਾਰ ਸਾਹਿਬਜ਼ਾਦਿਆਂ ਦੀ ਯਾਦ 'ਚ ਬੋਲੇ CM ਮਾਨ
Tuesday, Dec 30, 2025 - 12:08 PM (IST)
ਚੰਡੀਗੜ੍ਹ : ਪੰਜਾਬ ਵਿਧਾਨ ਸਭਾ 'ਚ ਚਾਰ ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਕੁਰਬਾਨੀ ਇੰਨੀ ਲਾਸਾਨੀ ਹੈ ਕਿ ਇਸ ਦੀ ਮਿਸਾਲ ਨਹੀਂ ਮਿਲਦੀ। ਜਦੋਂ ਅਸੀਂ ਇਸ ਕੁਰਬਾਨੀ ਨੂੰ ਯਾਦ ਕਰਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਉਸ ਸਮੇਂ ਉਨ੍ਹਾਂ 'ਤੇ ਕੀ ਬੀਤੀ ਹੋਵੇਗੀ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਸਭਾ 'ਤੇ ਨਤਮਸਤਕ ਹੋਣ ਜਾਂਦੇ ਹਾਂ ਤੇ ਮੋਟੇ ਕੱਪੜੇ ਪਾ ਕੇ ਕੰਬਲ ਲੈ ਕੇ ਜਾਂਦੇ ਹਾਂ ਅਤੇ ਕੋਸ਼ਿਸ਼ ਕਰਦੇ ਹਾਂ ਕਿ ਠੰਡ ਤੋਂ ਬਚਿਆ ਜਾਵੇ।
ਮੁੱਖ ਮੰਤਰੀ ਨੇ ਕਿਹਾ ਕਿ ਉਸ ਵੇਲੇ ਠੰਡੇ ਬੁਰਜ 'ਚ ਜਦੋਂ ਛੋਟੇ ਸਾਹਿਬਜ਼ਾਦੇ ਕੈਦ ਸਨ ਤਾਂ ਠੰਡ ਹੱਡ ਚੀਰਵੀਂ ਸੀ, ਉਸ ਨੂੰ ਮਹਿਸੂਸ ਕਰਕੇ ਜਾਇਓ। ਇਹ ਬੜੀ ਲਾਸਾਨੀ ਕੁਰਬਾਨੀ ਹੈ। ਸਿੱਖ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਇਸ ਵਾਰ ਅਸੀਂ ਸ਼ਹੀਦੀ ਸਭਾ ਦੇ ਪ੍ਰਬੰਧਾਂ ਲਈ ਆਪਣੇ ਵਲੋਂ ਵਧੀਆ ਉਪਰਾਲੇ ਕੀਤੇ, ਜਿੱਥੇ ਲੱਖਾਂ ਦੀ ਗਿਣਤੀ 'ਚ ਸੰਗਤ ਆਉਂਦੀ ਹੈ ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਹੋਵੇ।
ਇਹ ਵੀ ਪੜ੍ਹੋ : ਪੰਜਾਬ ਦੀ ਲੇਡੀ ਡਰੱਗ ਅਫ਼ਸਰ ਨੇ ਚਮਕਾਇਆ ਪੂਰੇ ਦੇਸ਼ ਦਾ ਨਾਂ, ਕਾਇਮ ਕੀਤੀ ਵੱਡੀ ਮਿਸਾਲ
ਉਨ੍ਹਾਂ ਕਿਹਾ ਕਿ ਉਸ ਸਮੇਂ ਸਾਹਿਬਜ਼ਾਦਿਆਂ ਨੇ ਸ਼ਹਾਦਤ ਦੇ ਕੇ ਜ਼ੁਲਮ ਦੀ ਰਾਤ ਨੂੰ ਤਾਂ ਢਾਲ ਦਿੱਤਾ ਪਰ ਇਹ ਹੁਣ ਸਾਡੇ 'ਤੇ ਹੈ ਕਿ ਅਸੀਂ ਇਸ ਨੂੰ ਕਿੰਨੀ ਦੇਰ ਤੱਕ ਸਾਂਭ ਕੇ ਰੱਖਦੇ ਹਾਂ। ਇਹ ਸਾਡਾ ਫਰਜ਼ ਬਣਦਾ ਹੈ ਕਿ ਇਸ ਨੂੰ ਅਗਲੀਆਂ ਪੀੜ੍ਹੀਆਂ ਤੱਕ ਲੈ ਕੇ ਜਾਈਏ। ਮੁੱਖ ਮੰਤਰੀ ਨੇ ਕਿਹਾ ਕਿ ਇਸ ਸ਼ਹਾਦਤ 'ਚ ਜਿਨ੍ਹਾਂ-ਜਿਨ੍ਹਾਂ ਯੋਧਿਆਂ ਨੇ ਯੋਗਦਾਨ ਪਾਇਆ, ਮੈਂ ਸਭ ਨੂੰ ਸਿਜਦਾ ਕਰਦਾ ਹਾਂ। ਸਾਨੂੰ ਸਰਦਾਰੀਆਂ ਬਹੁਤ ਮਹਿੰਗੇ ਭਾਅ 'ਤੇ ਮਿਲੀਆਂ ਹਨ, ਇਸ ਲਈ ਸਾਨੂੰ ਆਪਣੇ ਅਸੂਲਾਂ 'ਤੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ਼ੂਲਾਂ 'ਤੇ ਚੱਲਣ ਨਾਲ ਛਾਲੇ ਘੱਟ ਪੈਂਦੇ ਹਨ ਪਰ ਅਸੂਲਾਂ 'ਤੇ ਚੱਲਣ ਨਾਲ ਬਹੁਤ ਛਾਲੇ ਪੈਂਦੇ ਹਨ ਅਤੇ ਗੁਰੂ ਸਾਹਿਬ ਦਾ ਸਾਰਾ ਪਰਿਵਾਰ ਅਸੂਲਾਂ 'ਤੇ ਚੱਲਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
