ਜਾਣੋ ਭਾਰਤ ਲਈ ਕਿਉਂ ਅਹਿਮ ਹੈ SCO ਦੀ ਬੈਠਕ

Thursday, Jun 13, 2019 - 09:17 AM (IST)

ਜਾਣੋ ਭਾਰਤ ਲਈ ਕਿਉਂ ਅਹਿਮ ਹੈ SCO ਦੀ ਬੈਠਕ

ਨਵੀਂ ਦਿੱਲੀ/ ਬਿਸ਼ਕੇਕ— ਸ਼ੰਘਾਈ ਸਹਿਯੋਗ ਸੰਗਠਨ (ਐੱਸ. ਸੀ. ਓ.) ਅੱਜ ਦੁਨੀਆ 'ਚ ਬਹੁਤ ਪ੍ਰਭਾਵਸ਼ਾਲੀ ਅਤੇ ਸ਼ਕਤੀਸ਼ਾਲੀ ਖੇਤਰੀ ਸੰਗਠਨ ਬਣ ਕੇ ਉੱਭਰ ਰਿਹਾ ਹੈ। ਇਸ ਦੀ ਸਿਖਰ ਵਾਰਤਾ 'ਚ ਤਕਰੀਬਨ 20 ਦੇਸ਼ਾਂ ਦੇ ਰਾਸ਼ਟਰ ਮੁਖੀ ਅਤੇ 3 ਵੱਡੀਆਂ ਬਹੁ ਰਾਸ਼ਟਰੀ ਸੰਸਥਾਵਾਂ ਦੇ ਪ੍ਰਤੀਨਿਧੀ ਸ਼ਾਮਲ ਹੁੰਦੇ ਹਨ। ਭਾਰਤ ਅਤੇ ਚੀਨ ਲਈ ਕਿਰਗਿਸਤਾਨ ਦੀ ਰਾਜਧਾਨੀ ਬਿਸ਼ਕੇਕ 'ਚ ਹੋ ਰਿਹਾ ਇਸ ਵਾਰ ਦਾ ਸਿਖਰ ਸੰਮੇਲਨ ਕਈ ਕਾਰਨਾਂ ਕਰਕੇ ਅਹਿਮ ਹੈ।

ਐੱਸ. ਸੀ. ਓ. ਦੇ ਅੱਠ ਮੈਂਬਰ ਭਾਰਤ, ਚੀਨ, ਰੂਸ, ਪਾਕਿਸਤਾਨ, ਕਜ਼ਾਖਸਤਾਨ, ਕਿਰਗਿਸਤਾਨ, ਤਜ਼ਾਕਿਸਤਾਨ ਅਤੇ ਉਜ਼ਬੇਕਿਸਤਾਨ ਹਨ। ਇਸ ਦੇ ਇਲਾਵਾ ਚਾਰ ਆਬਜ਼ਰਬਰ ਦੇਸ਼ ਅਫਗਾਨਿਸਤਾਨ, ਬੇਲਾਰੂਸ, ਈਰਾਨ ਅਤੇ ਮੰਗੋਲੀਆ ਹਨ। ਛੇ ਡਾਇਲਾਗ ਸਹਿਯੋਗੀ ਅਰਮੀਨੀਆ, ਅਜ਼ਰਬੈਜਾਨ, ਕੰਬੋਡੀਆ, ਨੇਪਾਲ, ਸ਼੍ਰੀਲੰਕਾ ਅਤੇ ਤੁਰਕੀ ਹਨ।
ਸਿਖਰ ਸੰਮੇਲਨ 'ਚ ਇਨ੍ਹਾਂ ਦੇ ਇਲਾਵਾ ਬਹੁਰਾਸ਼ਟਰੀ ਸੰਸਥਾਵਾਂ ਜਿਵੇਂ ਆਸੀਆਨ, ਸੰਯੁਕਤ ਰਾਸ਼ਟਰ ਅਤੇ ਸੀ. ਆਈ. ਐੱਸ. ਦੇ ਕੁੱਝ ਮਹਿਮਾਨ ਪ੍ਰਤੀਨਿਧੀਆਂ ਨੂੰ ਵੀ ਬੁਲਾਇਆ ਜਾਂਦਾ ਹੈ। 

ਊਰਜਾ ਦਾ ਮੁੱਦਾ ਰਹੇਗਾ ਖਾਸ—
ਐੱਸ. ਸੀ. ਓ. ਬਹੁਤ ਜ਼ਿਆਦਾ ਮੈਂਬਰਾਂ ਵਾਲਾ ਸੰਗਠਨ ਹੈ। ਚੀਨ ਤੇ ਭਾਰਤ ਸਮੇਤ ਵਿਸ਼ਵ ਦੀਆਂ ਕਈ ਉੱਭਰਦੀਆਂ ਅਰਥ-ਵਿਵਸਥਾਵਾਂ ਇਸ ਦੀਆਂ ਮੈਂਬਰ ਹਨ। ਸਾਲ 1996 'ਚ ਇਸ ਦੀ ਸ਼ੁਰੂਆਤ 5 ਦੇਸ਼ਾਂ ਨੇ 'ਸ਼ੰਘਾਈ ਇਨੀਸ਼ਿਏਟਿਵ' ਦੇ ਤੌਰ 'ਤੇ ਕੀਤੀ ਸੀ। ਉਸ ਸਮੇਂ ਉਨ੍ਹਾਂ ਦਾ ਸਿਰਫ ਇਹ ਹੀ ਉਦੇਸ਼ ਸੀ ਕਿ ਮੱਧ ਏਸ਼ੀਆ ਦੇ ਨਵੇਂ ਆਜ਼ਾਦ ਹੋਏ ਦੇਸ਼ਾਂ ਨਾਲ ਲੱਗਦੀਆਂ ਰੂਸ ਤੇ ਚੀਨ ਦੀਆਂ ਸਰਹੱਦਾਂ 'ਤੇ ਤਣਾਅ ਨੂੰ ਕਿਵੇਂ ਰੋਕਿਆ ਜਾਵੇ। ਹੌਲੀ-ਹੌਲੀ 3 ਸਾਲਾਂ 'ਚ ਇਸ ਦਾ ਹੱਲ ਕੀਤਾ ਗਿਆ। ਸਾਲ 2001 'ਚ ਨਵੇਂ ਸੰਗਠਨ ਦੇ ਉਦੇਸ਼ ਬਦਲੇ ਗਏ ਅਤੇ ਹੁਣ ਇਸ ਦਾ ਖਾਸ ਮਕਸਦ ਉੂਰਜਾ ਸਪਲਾਈ ਨਾਲ ਜੁੜੇ ਮੁੱਦਿਆਂ 'ਤੇ ਧਿਆਨ ਦੇਣਾ ਹੈ ਅਤੇ ਅੱਤਵਾਦ ਨਾਲ ਲੜਨਾ ਹੈ। ਭਾਰਤ ਤੇ ਪਾਕਿਸਤਾਨ ਸਾਲ 2017 'ਚ ਇਸ ਸੰਗਠਨ ਦੇ ਮੈਂਬਰ ਬਣੇ।

ਚੀਨ ਦੀ ਚਿੰਤਾ—
ਅਮਰੀਕਾ ਨੇ ਈਰਾਨ ਅਤੇ ਵੈਨਜ਼ੁਏਲਾ 'ਤੇ ਆਰਥਿਕ ਰੋਕਾਂ ਲਗਾਈਆਂ ਹੋਈਆਂ ਹਨ। ਇਹ ਦੋਵੇਂ ਦੇਸ਼ ਵਿਸ਼ਵ 'ਚ ਤੇਲ ਦੇ ਤੀਜੇ ਤੇ ਚੌਥੇ ਸਭ ਤੋਂ ਵੱਡੇ ਸਪਲਾਈਕਰਤਾ ਹਨ। ਭਾਰਤ ਤੇ ਚੀਨ ਲਈ ਇਨ੍ਹਾਂ ਦੋਹਾਂ ਦੇਸ਼ਾਂ ਤੋਂ ਹੋਣ ਵਾਲੀ ਤੇਲ ਦੀ ਸਪਲਾਈ ਅਹਿਮ ਹੈ। ਅਮਰੀਕਾ ਦੀਆਂ ਆਰਥਿਕ ਰੋਕਾਂ ਕਾਰਨ ਚੀਨ ਤੇ ਭਾਰਤ 'ਚ ਆਯਾਤ ਬੰਦ ਹੈ।


Related News