ਆਜ਼ਾਦੀ ਮਗਰੋਂ ਦੇਸ਼ ਦੇ ਇਤਿਹਾਸ ’ਚ ਪਹਿਲੀ ਵਾਰ ਕਿਸੇ ਕੈਦੀ ਜਨਾਨੀ ਨੂੰ ਹੋਵੇਗੀ ਫਾਂਸੀ, ਜਾਣੋ ਕਿਉਂ
Thursday, Feb 18, 2021 - 05:05 PM (IST)
ਲਖਨਊ— ਅਪ੍ਰੈਲ 2008 ’ਚ ਹੋਏ 7 ਲੋਕਾਂ ਦਾ ਕਤਲ, ਹੈਰਾਨ ਕਰ ਦੇਣ ਵਾਲਾ ਹੈ। ਇਹ ਕਤਲਕਾਂਡ ਉੱਤਰ ਪ੍ਰਦੇਸ਼ ਦੇ ਅਮਰੋਹਾ ਜ਼ਿਲ੍ਹੇ ’ਚ ਵਾਪਰਿਆ ਸੀ, ਜਿਸ ਨੂੰ ਸ਼ਬਨਮ ਨਾਂ ਦੀ ਜਨਾਨੀ ਨੇ ਅੰਜ਼ਾਮ ਦਿੱਤਾ ਸੀ। ਇਹ ਜਨਾਨੀ ਕੋਈ ਗੈਰ ਨਹੀਂ ਸਗੋਂ ਆਪਣੇ ਘਰ ਦੀ ਇਕਲੌਤੀ ਧੀ ਸੀ। ਉਸ ਨੇ ਆਪਣੇ ਪ੍ਰੇਮੀ ਸਲੀਮ ਨਾਲ ਮਿਲ ਕੇ ਇਸ ਕਤਲਕਾਂਡ ਨੂੰ ਅੰਜ਼ਾਮ ਦਿੱਤਾ ਸੀ। ਸ਼ਬਨਮ ’ਤੇ ਆਪਣੇ ਪ੍ਰੇਮੀ ਸਲੀਮ ਨਾਲ ਵਿਆਹ ਕਰਾਉਣ ਦੀ ਜਿੱਦ ਅਤੇ ਜਨੂੰਨ ਇਸ ਕਦਰ ਸੀ ਕਿ ਉਸ ਨੇ ਆਪਣੇ ਪਰਿਵਾਰ ਦੇ 7 ਮੈਂਬਰਾਂ ਨੂੰ ਕੁਹਾੜੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ। ਹੁਣ ਤਕਰੀਬਨ 13 ਸਾਲ ਬਾਅਦ ਸ਼ਬਨਮ ਅਤੇ ਸਲੀਮ ਨੂੰ ਫਾਂਸੀ ’ਤੇ ਲਟਕਾਇਆ ਜਾਵੇਗਾ। ਇਸ ਵਜ੍ਹਾ ਤੋਂ ਆਜ਼ਾਦੀ ਮਗਰੋਂ ਸ਼ਬਨਮ ਪਹਿਲੀ ਅਜਿਹੀ ਕੈਦੀ ਜਨਾਨੀ ਹੋਵੇਗੀ, ਜਿਸ ਨੂੰ ਮਥੁਰਾ ਜ਼ਿਲ੍ਹਾ ਜੇਲ ’ਚ ਫਾਂਸੀ ਦਿੱਤੀ ਜਾਵੇਗੀ। ਅਮਰੋਹਾ ਜ਼ਿਲ੍ਹੇ ਦੇ ਬਾਵਨਖੇੜੀ ਪਿੰਡ ’ਚ ਆਪਣੇ ਪਰਿਵਾਰ ਦੇ 7 ਮੈਂਬਰਾਂ ਨੂੰ ਮੌਤ ਦੇ ਘਾਟ ਉਤਾਰਨ ਵਾਲੀ ਸ਼ਬਨਮ ਅਤੇ ਉਸ ਦੇ ਪ੍ਰੇਮੀ ਸਲੀਮ ਦੀ ਫਾਂਸੀ ਦੀ ਸਜ਼ਾ ਨੂੰ ਸੁਪਰੀਮ ਕੋਰਟ ਨੇ ਬਰਕਰਾਰ ਰੱਖਿਆ ਹੈ। ਸ਼ਬਨਮ ਦੀ ਦਇਆ ਪਟੀਸ਼ਨ ਨੂੰ ਰਾਸ਼ਟਰਪਤੀ ਨੇ ਵੀ ਖਾਰਜ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਪਿਆਰ ’ਚ ਪਾਗਲ ‘ਸ਼ਬਨਮ’ ਨੇ ਕੁਹਾੜੀ ਨਾਲ ਕਤਲ ਕੀਤੇ ਸਨ 7 ਪਰਿਵਾਰਕ ਮੈਂਬਰ, ਹੁਣ ਹੋਵੇਗੀ ਫਾਂਸੀ
ਇਕ ਬੱਚੇ ਦੀ ਮਾਂ ਹੈ ਸ਼ਬਨਮ—
ਸ਼ਬਨਮ ਇਕ ਬੱਚੇ ਦੀ ਮਾਂ ਹੈ। ਜਦੋਂ ਪਰਿਵਾਰ ਦਾ ਸਮੂਹਕ ਕਤਲ ਨੂੰ ਅੰਜ਼ਾਮ ਦਿੱਤਾ ਸੀ, ਉਦੋਂ ਉਸ ਦੀ ਕੁੱਖ ਵਿਚ ਦੋ ਮਹੀਨੇ ਦਾ ਗਰਭ ਸੀ। ਉਸ ਦਾ ਪੁੱਤਰ ਤਾਜ ਮੁਹੰਮਦ ਹੁਣ 13 ਸਾਲ ਦਾ ਹੋ ਗਿਆ ਹੈ। ਉਸ ਦੀ ਦੇਖਭਾਲ ਇਕ ਪਰਿਵਾਰ ਕਰ ਰਿਹਾ ਹੈ। ਸ਼ਬਨਮ ਦੇ ਪੁੱਤਰ ਤਾਜ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਨਾਂ ਇਕ ਚਿੱਠੀ ਵੀ ਲਿਖੀ ਹੈ, ਜਿਸ ’ਚ ਉਸ ਨੇ ਆਪਣੀ ਮਾਂ ਲਈ ਮੁਆਫ਼ੀ ਦੀ ਗੁਹਾਰ ਲਾਈ ਹੈ। ਓਧਰ ਸ਼ਬਨਮ ਨੂੰ ਫਾਂਸੀ ਦੇਣ ਲਈ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਫਾਂਸੀ ਦੀ ਦੋ ਰੱਸੀਆਂ ਬਿਹਾਰ ਦੇ ਬਕਸਰ ਤੋਂ ਮੰਗਵਾਈਆਂ ਗਈਆਂ ਹਨ। ਅਦਾਲਤ ਤੋਂ ਤਾਰੀਖ਼ ਤੈਅ ਹੁੰਦੇ ਹੀ ਫਾਂਸੀ ਲਈ ਟਰਾਇਲ ਕਰਵਾਇਆ ਜਾਵੇਗਾ। ਜੇਲ ਪ੍ਰਸ਼ਾਸਨ ਨੇ ਮੇਰਠ ਦੇ ਜੱਲਾਦ ਪਵਨ ਕੁਮਾਰ ਨੂੰ ਬੁਲਾ ਕੇ ਫਾਂਸੀ ਘਰ ਦਾ ਨਿਰੀਖਣ ਕਰਵਾ ਲਿਆ ਹੈ। ਇਹ ਉਹ ਹੀ ਜੱਲਾਦ ਹੈ, ਜੋ ਨਿਰਭਿਆ ਦੇ ਦੋਸ਼ੀਆਂ ਨੂੰ ਫਾਂਸੀ ’ਤੇ ਲਟਕਾ ਚੁੱਕੇ ਹਨ।
ਇਹ ਵੀ ਪੜ੍ਹੋ : ਪੂਰੇ ਪਰਿਵਾਰ ਦਾ ਕਤਲ ਕਰਨ ਵਾਲੀ ਸ਼ਬਨਮ ਦੇ ਪੁੱਤ ਨੇ ਰਾਸ਼ਟਰਪਤੀ ਤੋਂ ਕੀਤੀ ਇਹ ਭਾਵੁਕ ਅਪੀਲ
ਇਹ ਹੈ ਪੂਰਾ ਮਾਮਲਾ—
ਮਾਮਲਾ 2008 ਦਾ ਹੈ। ਉੱਤਰ ਪ੍ਰਦੇਸ਼ ਦੇ ਅਮਰੋਹਾ ਵਿਚ ਬਾਵਨਖੇੜੀ ਪਿੰਡ ’ਚ ਮਾਸਟਰ ਸ਼ੌਕਤ ਅਲੀ ਆਪਣੀ ਪਤਨੀ ਹਾਸ਼ਮੀ, ਬੇਟਾ ਅਨੀਸ ਤੇ ਰਾਸ਼ਿਦ, ਨੂੰਹ ਅੰਜੁਮ ਅਤੇ ਇਕਲੌਤੀ ਧੀ ਸ਼ਬਨਮ ਨਾਲ ਰਹਿੰਦੇ ਸਨ। ਪਿਤਾ ਨੇ ਆਪਣੀ ਇਕਲੌਤੀ ਧੀ ਸ਼ਬਨਮ ਨੂੰ ਬਹੁਤ ਹੀ ਲਾਡ-ਪਿਆਰ ਨਾਲ ਪਾਲਿਆ ਸੀ ਅਤੇ ਚੰਗੀ ਸਿੱਖਿਆ ਦਿੱਤੀ ਸੀ। ਸ਼ਬਨਮ ਨੂੰ ਪਿੰਡ ਦੇ 8ਵੀਂ ਪਾਸ ਨੌਜਵਾਨ ਸਲੀਮ ਨਾਲ ਪਿਆਰ ਹੋ ਗਿਆ ਅਤੇ ਦੋਵੇਂ ਵਿਆਹ ਕਰਨਾ ਚਾਹੰੁਦੇ ਸਨ। ਵੱਖ-ਵੱਖ ਜਾਤੀ ਦੇ ਮੁਸਲਿਮ ਹੋਣ ਦੀ ਵਜ੍ਹਾ ਕਰ ਕੇ ਵਿਆਹ ਲਈ ਸ਼ਬਨਮ ਦੇ ਪਰਿਵਾਰ ਵਾਲੇ ਰਾਜ਼ੀ ਨਹੀਂ ਸਨ।
ਇਹ ਵੀ ਪੜ੍ਹੋ : ਲਾਲ ਕਿਲ੍ਹਾ ਹਿੰਸਾ ਦਾ ਇਕ ਹੋਰ ਦੋਸ਼ੀ ਗਿ੍ਰਫ਼ਤਾਰ, ਪੁਲਸ ਨੇ 2 ਤਲਵਾਰਾਂ ਵੀ ਕੀਤੀਆਂ ਬਰਾਮਦ
14 ਅਪ੍ਰੈਲ 2008 ਦੀ ਰਾਤ ਨੂੰ ਸ਼ਬਨਮ ਨੇ ਆਪਣੇ ਪ੍ਰੇਮੀ ਸਲੀਮ ਨਾਲ ਮਿਲ ਕੇ ਪਿਤਾ ਮਾਸਟਰ ਸ਼ੌਕਤ ਅਲੀ, ਮਾਂ ਹਾਸ਼ਮੀ, ਭਰਾਵਾਂ- ਅਨੀਸ ਅਤੇ ਰਾਸ਼ਿਦ, ਭਰਜਾਈ ਅੰਜੁਮ ਅਤੇ ਉਸ ਦੀ ਭੈਣ ਰਾਬੀਆ ਨੂੰ ਕੁਹਾੜੀ ਨਾਲ ਵੱਢ ਦਿੱਤਾ ਸੀ। ਸ਼ਬਨਮ ਨੇ ਆਪਣੇ ਭਤੀਜੇ ਅਰਸ਼ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ। ਸ਼ਬਨਮ ਨੇ ਆਪਣੇ ਪਰਿਵਾਰਕ ਮੈਂਬਰਾਂ ਦਾ ਕਤਲ ਕਰ ਦਿੱਤਾ, ਕਿਉਂਕਿ ਉਹ ਸਲੀਮ ਨਾਲ ਉਸ ਦੇ ਪ੍ਰੇਮ ਸਬੰਧਾਂ ਦੇ ਰਾਹ ਵਿਚ ਰੋੜਾ ਬਣ ਰਹੇ ਸਨ। ਇਸ ਕੇਸ ਦੀ ਸੁਣਵਾਈ ਅਮਰੋਹਾ ਦੀ ਅਦਾਲਤ ’ਚ ਦੋ ਸਾਲ ਤਿੰਨ ਮਹੀਨਿਆਂ ਤੱਕ ਹੋਈ। ਜਿਸ ਤੋਂ ਬਾਅਦ 15 ਜੁਲਾਈ 2010 ਨੂੰ ਜ਼ਿਲ੍ਹਾ ਜੱਜ ਐੱਸ. ਏ. ਏ. ਹੁਸੈਨੀ ਨੇ ਫ਼ੈਸਲਾ ਸੁਣਾਇਆ ਕਿ ਸ਼ਬਨਮ ਅਤੇ ਸਲੀਮ ਨੂੰ ਫਾਂਸੀ ਦਿੱਤੀ ਜਾਵੇ। ਇਸ ਕਤਲੇਆਮ ਦੀ ਵਜ੍ਹਾ ਕਰਕੇ ਬਾਵਨਖੇੜੀ ਪਿੰਡ ਕਈ ਮਹੀਨਿਆਂ ਤੱਕ ਦੇਸ਼ ’ਚ ਸੁਰਖੀਆਂ ਵਿਚ ਰਿਹਾ। ਇਕਲੌਤੀ ਧੀ ਵਲੋਂ ਖੂਨੀ ਖੇਡ ਖੇਡਾਂ ਦਾ ਮੰਜ਼ਰ ਵੇਖ ਕੇ ਪਿੰਡ ਦੇ ਲੋਕਾਂ ਨੂੰ ਸ਼ਬਨਮ ਤੋਂ ਇੰਨੀ ਨਫ਼ਰਤ ਹੋ ਗਈ ਕਿ ਹੁਣ ਇਸ ਪਿੰਡ ’ਚ ਕੋਈ ਵੀ ਆਪਣੀ ਧੀ ਦਾ ਨਾਂ ਸ਼ਬਨਮ ਰੱਖਣਾ ਪਸੰਦ ਨਹੀਂ ਕਰਦਾ।