ਮਣੀਪੁਰ ’ਚ ਸੁਰੱਖਿਆ ਫੋਰਸਾਂ ਨੇ ਨਸ਼ਟ ਕੀਤੇ 4 ਬੰਕਰ, 2 ਅੱਤਵਾਦੀ ਗ੍ਰਿਫਤਾਰ
Tuesday, Dec 31, 2024 - 04:00 AM (IST)
ਇੰਫਾਲ - ਮਣੀਪੁਰ ਵਿਚ ਸੁਰੱਖਿਆ ਫੋਰਸਾਂ ਨੇ ਪਿਛਲੇ ਹਫ਼ਤੇ ਇਕ ਮੁਕਾਬਲੇ ਤੋਂ ਬਾਅਦ ਇੰਫਾਲ ਪੂਰਬੀ ਅਤੇ ਕਾਂਗਪੋਕਪੀ ਜ਼ਿਲ੍ਹਿਆਂ ਵਿਚ ਬੰਦੂਕਧਾਰੀਆਂ ਦੇ 4 ਬੰਕਰਾਂ ਨੂੰ ਤਬਾਹ ਕਰ ਦਿੱਤਾ ਹੈ ਅਤੇ ਤਿੰਨ ਹੋਰਨਾਂ ’ਤੇ ਕਬਜ਼ਾ ਕਰ ਲਿਆ ਹੈ। ਪੁਲਸ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਪਿਛਲੇ 2 ਦਿਨਾਂ ਵਿਚ ਥਮਨਾਪੋਕਪੀ ਅਤੇ ਸਨਸਾਬੀ ਪਿੰਡਾਂ ਦੀ ਸਰਹੱਦ ਨਾਲ ਲੱਗਦੇ ਕਈ ਇਲਾਕਿਆਂ ਵਿਚ ਵੱਡੇ ਆਪ੍ਰੇਸ਼ਨ ਚਲਾਏ ਗਏ, ਜਿਸ ਤੋਂ ਬਾਅਦ ਬੰਕਰਾਂ ਨੂੰ ਤਬਾਹ ਕਰ ਦਿੱਤਾ ਗਿਆ ਸੀ।
ਇਨ੍ਹਾਂ ਪਹਾੜੀਆਂ ਵਿਚ ਲੁਕੇ ਅੱਤਵਾਦੀਆਂ ਵੱਲੋਂ ਹੇਠਲੇ ਇਲਾਕਿਆਂ ’ਚ ਸਥਿਤ ਪਿੰਡਾਂ ’ਤੇ ਹਮਲਾ ਕਰਨ ਤੋਂ ਬਾਅਦ ਗੋਲੀਬਾਰੀ ਹੋਈ ਸੀ। ਦੂਜੇ ਪਾਸੇ, ਇੰਫਾਲ ਪੱਛਮੀ ਜ਼ਿਲੇ ਵਿਚ ਪਾਬੰਦੀਸ਼ੁਦਾ ਸੰਗਠਨ ਕੰਗਲੀਪਾਕ ਪੀਪਲਜ਼ ਰੈਵੋਲਿਊਸ਼ਨਰੀ ਪਾਰਟੀ (ਪ੍ਰੀਪਾਕ) ਦੇ 2 ਅੱਤਵਾਦੀਆਂ ਨੂੰ ਜਬਰੀ ਵਸੂਲੀ ਵਿਚ ਕਥਿਤ ਸ਼ਮੂਲੀਅਤ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੀ ਪਛਾਣ ਲੀਸ਼ਾਂਗਥੇਮ ਨੈਪੋਲੀਅਨ ਮੇਇਤੀ (35) ਅਤੇ ਥੋਕਚੋਮ ਅਮੁਜਾਓ ਸਿੰਘ (33) ਵਜੋਂ ਹੋਈ ਹੈ।