ਭਿਆਨਕ ਗਰਮੀ ਦਾ ਕਹਿਰ, ਸਕੂਲ ਅਤੇ ਕੋਚਿੰਗ ਸੰਸਥਾਵਾਂ ਦਾ ਬਦਲਿਆ ਸਮਾਂ

Friday, Jun 13, 2025 - 12:56 PM (IST)

ਭਿਆਨਕ ਗਰਮੀ ਦਾ ਕਹਿਰ, ਸਕੂਲ ਅਤੇ ਕੋਚਿੰਗ ਸੰਸਥਾਵਾਂ ਦਾ ਬਦਲਿਆ ਸਮਾਂ

ਨੈਸ਼ਨਲ ਡੈਸਕ- ਦੇਸ਼ ਦੇ ਕਈ ਸੂਬਿਆਂ 'ਚ ਇਸ ਸਮੇਂ ਭਿਆਨਕ ਗਰਮੀ ਪੈ ਰਹੀ ਹੈ, ਜਿਸ ਨੇ ਲੋਕਾਂ ਦਾ ਹਾਲ-ਬੇਹਾਲ ਕਰ ਦਿੱਤਾ ਹੈ। ਦਿੱਲੀ, ਪੰਜਾਬ, ਰਾਜਸਥਾਨ, ਹਰਿਆਣਾ ਸਮੇਤ ਦੇਸ਼ ਦੇ ਕਈ ਸੂਬਿਆਂ ਵਿਚ ਤਾਪਮਾਨ 40 ਤੋਂ 45 ਡਿਗਰੀ ਸੈਲਸੀਅਸ ਬਣਿਆ ਹੋਇਆ ਹੈ। ਇਸ ਦਰਮਿਆਨ ਬਿਹਾਰ 'ਚ ਪੈ ਰਹੀ ਭਿਆਨਕ ਗਰਮੀ ਨੂੰ ਵੇਖਦੇ ਹੋਏ ਪਟਨਾ ਜ਼ਿਲ੍ਹਾ ਪ੍ਰਸ਼ਾਸਨ ਨੇ ਅਹਿਮ ਕਦਮ ਚੁੱਕਿਆ ਹੈ। ਉਂਝ ਤਾਂ ਸਰਕਾਰੀ ਸਕੂਲਾਂ ਵਿਚ ਅਜੇ ਗਰਮੀਆਂ ਦੀਆਂ ਛੁੱਟੀਆਂ ਚੱਲ ਰਹੀਆਂ ਹਨ ਪਰ ਕਈ ਨਿੱਜੀ ਸਕੂਲਾਂ ਅਤੇ ਕੋਚਿੰਗ ਸੰਸਥਾਵਾਂ ਵਿਚ ਪੜ੍ਹਾਈ ਹੋ ਰਹੀ ਹੈ। ਇਸ ਲਈ ਜ਼ਿਲ੍ਹਾ ਅਧਿਕਾਰੀ ਨੇ ਗਰਮੀ ਨੂੰ ਵੇਖਦੇ ਹੋਏ ਸਿੱਖਿਅਕ ਸੰਸਥਾਵਾਂ ਦੇ ਸਮੇਂ ਵਿਚ ਬਦਲਾਅ ਕੀਤਾ ਕੀਤਾ ਗਿਆ ਹੈ।

ਜ਼ਿਲ੍ਹਾ ਅਧਿਕਾਰੀ ਨੇ ਬੀਤੀ ਰਾਤ ਹੁਕਮ ਜਾਰੀ ਕਰਦਿਆਂ ਪਟਨਾ ਜ਼ਿਲ੍ਹੇ ਦੇ ਸਕੂਲਾਂ ਦੇ ਨਾਲ-ਨਾਲ ਆਂਗਣਵਾੜੀ ਕੇਂਦਰਾਂ ਦੀ ਸਮੇਂ ਸੀਮਾ ਤੈਅ ਕਰ ਦਿੱਤੀ ਹੈ। ਦਰਅਸਲ ਭਿਆਨਕ ਗਰਮੀ ਕਾਰਨ ਸਕੂਲ ਅਤੇ ਕੋਚਿੰਗ ਸੰਸਥਾਵਾਂ ਦਾ ਸਮਾਂ ਬਦਲਿਆ ਗਿਆ ਹੈ। ਜ਼ਿਲ੍ਹੇ ਵਿਚ ਹੁਣ 8ਵੀਂ ਜਮਾਤ ਤੱਕ ਦੇ ਸਾਰੇ ਸਕੂਲਾਂ ਵਿਚ ਸਵੇਰੇ 11 ਵਜੇ ਮਗਰੋਂ ਪੜ੍ਹਾਈ ਨਹੀਂ ਹੋਵੇਗੀ। ਆਂਗਣਵਾੜੀ ਕੇਂਦਰਾਂ 'ਚ ਸਵੇਰੇ 10 ਵਜੇ ਮਗਰੋਂ ਗਤੀਵਿਧੀਆਂ 'ਤੇ ਪਾਬੰਦੀ ਲਾਈ ਗਈ ਹੈ। ਇਹ ਆਦੇਸ਼ ਤੁਰੰਤ ਪ੍ਰਭਾਵ ਤੋਂ 16 ਜੂਨ 2025 ਤੱਕ ਲਾਗੂ ਰਹੇਗਾ। ਆਦੇਸ਼ ਵਿਚ ਕਿਹਾ ਗਿਆ ਹੈ ਕਿ ਕੋਚਿੰਗ ਸੰਚਾਲਕ 11 ਵਜੇ ਤੋਂ ਪਹਿਲਾਂ ਅਤੇ ਸ਼ਾਮ 4.30 ਵਜੇ ਮਗਰੋਂ ਹੀ ਕਲਾਸਾਂ ਚਲਾ ਸਕਦੇ ਹਨ। ਇਹ ਆਦੇਸ਼ ਸਰਕਾਰੀ ਅਤੇ ਨਿੱਜੀ ਸਾਰੀਆਂ ਤਰ੍ਹਾਂ ਦੀਆਂ ਸਿੱਖਿਅਕ ਸੰਸਥਾਵਾਂ 'ਤੇ ਲਾਗੂ ਰਹੇਗਾ।

ਦੱਸ ਦੇਈਏ ਕਿ ਪਟਨਾ ਸਮੇਤ ਪੂਰੇ ਦੱਖਣੀ ਬਿਹਾਰ ਵਿਚ ਇਸ ਸਮੇਂ ਭਿਆਨਕ ਗਰਮੀ ਪੈ ਰਹੀ ਹੈ। ਮੌਸਮ ਵਿਭਾਗ ਦੇ ਨਾਲ-ਨਾਲ ਆਫ਼ਤ ਪ੍ਰਬੰਧਨ ਵਿਭਾਗ ਵੀ ਸਮੇਂ-ਸਮੇਂ 'ਤੇ ਲੋਕਾਂ ਨੂੰ ਭਿਆਨਕ ਗਰਮੀ ਤੋਂ ਬਚਣ ਦੀ ਹਿਦਾਇਤ ਦੇ ਰਿਹਾ ਹੈ। ਰਾਜਧਾਨੀ ਪਟਨਾ ਵਿਚ ਵੀਰਵਾਰ ਨੂੰ ਵੱਧ ਤੋ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। 
 


author

Tanu

Content Editor

Related News