ਵਿਦਿਅਕ ਦੌਰੇ ''ਤੇ ਜਾ ਰਹੀ ਬੱਸ ਹਾਦਸੇ ਦੀ ਸ਼ਿਕਾਰ! ਬਿਹਾਰ ਦੇ 2 ਅਧਿਆਪਕਾਂ ਦੀ ਮੌਤ, 11 ਵਿਦਿਆਰਥੀ ਜ਼ਖਮੀ
Tuesday, Feb 17, 2026 - 09:52 PM (IST)
ਸਾਸਾਰਾਮ: ਬਿਹਾਰ ਦੇ ਰੋਹਤਾਸ ਜ਼ਿਲ੍ਹੇ ਵਿੱਚ ਮੰਗਲਵਾਰ ਰਾਤ ਨੂੰ ਇੱਕ ਭਿਆਨਕ ਸੜਕ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਆਰਾ-ਮੋਹਨੀਆ ਹਾਈਵੇਅ 'ਤੇ ਰਾਤ ਕਰੀਬ 12:30 ਵਜੇ ਇੱਕ ਵਿਦਿਅਕ ਦੌਰੇ 'ਤੇ ਜਾ ਰਹੀ ਬੱਸ ਅਤੇ ਟਰੱਕ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ਵਿੱਚ ਦੋ ਅਧਿਆਪਕਾਂ ਦੀ ਮੌਤ ਹੋ ਗਈ ਹੈ, ਜਦਕਿ 11 ਵਿਦਿਆਰਥੀ ਜ਼ਖਮੀ ਹੋਏ ਹਨ।
ਓਵਰਟੇਕ ਕਰਦੇ ਸਮੇਂ ਵਾਪਰਿਆ ਹਾਦਸਾ
ਐੱਸਪੀ ਰੌਸ਼ਨ ਕੁਮਾਰ ਨੇ ਦੱਸਿਆ ਕਿ ਇਹ ਵਿਦਿਆਰਥੀ ਅਤੇ ਅਧਿਆਪਕ ਰਾਜ ਸਰਕਾਰ ਦੀ 'ਮੁੱਖ ਮੰਤਰੀ ਬਿਹਾਰ ਦਰਸ਼ਨ ਯੋਜਨਾ' ਤਹਿਤ ਰਾਜਗੀਰ ਦੇ ਵਿਦਿਅਕ ਦੌਰੇ 'ਤੇ ਜਾ ਰਹੇ ਸਨ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬੱਸ ਦਾ ਡਰਾਈਵਰ ਅੱਗੇ ਜਾ ਰਹੇ ਟਰੱਕ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਟੱਕਰ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ, ਜਿਸ ਦੀ ਭਾਲ ਲਈ ਪੁਲਸ ਵੱਲੋਂ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ।
ਹਾਦਸੇ 'ਚ ਜਾਨ ਗਵਾਉਣ ਵਾਲੇ ਅਧਿਆਪਕਾਂ ਦੀ ਪਛਾਣ ਪੁਨੀਤ ਕੁਮਾਰ ਸਿੰਘ (38) ਵਾਸੀ ਮਿਰਜ਼ਾਪੁਰ (ਯੂਪੀ) ਅਤੇ ਸੰਜੇ ਕੁਮਾਰ ਰਾਏ (45) ਵਾਸੀ ਕੈਮੂਰ ਵਜੋਂ ਹੋਈ ਹੈ। ਇਹ ਦੋਵੇਂ ਚੈਨਪੁਰ ਬਲਾਕ ਦੇ ਮਿਡਲ ਸਕੂਲ, ਬਰਹੌਨਾ ਵਿੱਚ ਤਾਇਨਾਤ ਸਨ। ਜ਼ਖਮੀ ਵਿਦਿਆਰਥੀਆਂ ਨੂੰ ਤੁਰੰਤ ਕੋਚਸ ਦੇ ਕਮਿਊਨਿਟੀ ਹੈਲਥ ਸੈਂਟਰ ਲਿਜਾਇਆ ਗਿਆ, ਜਿੱਥੋਂ ਉਨ੍ਹਾਂ ਦੀ ਹਾਲਤ ਨਾਜ਼ੁਕ ਦੇਖਦੇ ਹੋਏ ਸਾਸਾਰਾਮ ਸਦਰ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਗਰੁੱਪ ਵਿੱਚ ਕੁੱਲ 7 ਅਧਿਆਪਕ, 36 ਵਿਦਿਆਰਥੀ ਅਤੇ ਇੱਕ ਸਰਪ੍ਰਸਤ ਸ਼ਾਮਲ ਸਨ। ਪੁਲਸ ਮਾਮਲੇ ਦੀ ਅਗਲੇਰੀ ਕਾਰਵਾਈ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
