ਨੀਟ- ਐੱਸ. ਐੱਸ. ਪ੍ਰੀਖਿਆ ਨਾ ਕਰਵਾਉਣ ’ਤੇ ਸੁਪਰੀਮ ਕੋਰਟ ਨੇ ਕੇਂਦਰ ਤੋਂ ਮੰਗਿਆ ਜਵਾਬ

Saturday, Jul 20, 2024 - 12:53 AM (IST)

ਨੀਟ- ਐੱਸ. ਐੱਸ. ਪ੍ਰੀਖਿਆ ਨਾ ਕਰਵਾਉਣ ’ਤੇ ਸੁਪਰੀਮ ਕੋਰਟ ਨੇ ਕੇਂਦਰ ਤੋਂ ਮੰਗਿਆ ਜਵਾਬ

ਨਵੀਂ ਦਿੱਲੀ, (ਭਾਸ਼ਾ)- ਸੁਪਰੀਮ ਕੋਰਟ ਨੇ ਨੈਸ਼ਨਲ ਮੈਡੀਕਲ ਸਾਇੰਸਜ਼ ਕਮਿਸ਼ਨ (ਐੱਨ. ਐੱਮ. ਸੀ.) ਵਲੋਂ ਸਾਲ 2024 ਵਿਚ ਰਾਸ਼ਟਰੀ ਯੋਗਤਾ ਕਮ ਦਾਖਲਾ ਪ੍ਰੀਖਿਆ-ਸੁਪਰ ਸਪੈਸ਼ਲਿਟੀ (ਨੀਟ-ਐੱਸ. ਐੱਸ.) ਦਾ ਆਯੋਜਨ ਨਾ ਕਰਨ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਕੇਂਦਰ ਅਤੇ ਹੋਰਾਂ ਕੋਲੋਂ ਸ਼ੁੱਕਰਵਾਰ ਜਵਾਬ ਮੰਗਿਆ।

ਨੀਟ-ਐੱਸ. ਐੱਸ. ਉਨ੍ਹਾਂ ਡਾਕਟਰਾਂ ਲਈ ਕਰਵਾਇਆ ਜਾਂਦਾ ਹੈ ਜਿਨ੍ਹਾਂ ਕੋਲ ਐੱਮ. ਡੀ., ਐੱਮ. ਐੱਸ. ਅਤੇ ਡੀ. ਐੱਨ. ਬੀ. ਸੁਪਰ-ਸਪੈਸ਼ਲਿਟੀ ਕੋਰਸਾਂ ’ਚ ਦਾਖਲੇ ਲਈ ਪੋਸਟ ਗ੍ਰੈਜੂਏਟ ਡਿਗਰੀ ਜਾਂ ਬਰਾਬਰ ਦੀ ਯੋਗਤਾ ਹੁੰਦੀ ਹੈ।

ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ, ਜਸਟਿਸ ਜੇ. ਬੀ. ਪਾਰਦੀਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ ਦੇ ਬੈਂਚ ਨੂੰ 13 ਉਮੀਦਵਾਰਾਂ ਵੱਲੋਂ ਪੇਸ਼ ਹੋਏ ਵਕੀਲ ਨੇ ਦੱਸਿਆ ਕਿ ਐੱਨ. ਐੱਮ. ਸੀ. ਨੇ ਇਸ ਸਾਲ ਪ੍ਰੀਖਿਆ ਨਾ ਕਰਵਾਉਣ ਦਾ ਫੈਸਲਾ ਕੀਤਾ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਨੀਟ-ਐੱਸ. ਐੱਸ. ਦੇ ਜਨਵਰੀ, 2025 ’ਚ ਹੋਣ ਦੀ ਸੰਭਾਵਨਾ ਹੈ। ਕੇਂਦਰ, ਮੈਡੀਕਲ ਸਲਾਹਕਾਰ ਕਮੇਟੀ ਅਤੇ ਐੱਨ. ਐੱਮ. ਸੀ. ਨੂੰ ਨੋਟਿਸ ਜਾਰੀ ਕਰਦੇ ਹੋਏ ਬੈਂਚ ਨੇ ਪਟੀਸ਼ਨਰ ਰਾਹੁਲ ਬਲਵਾਨ ਅਤੇ 12 ਹੋਰਾਂ ਨੂੰ ਐੱਨ. ਬੀ. ਈ. (ਰਾਸ਼ਟਰੀ ਪ੍ਰੀਖਿਆ ਬੋਰਡ) ਨੂੰ ਪਟੀਸ਼ਨ 'ਚ ਧਿਰ ਬਣਾਉਣ ਦੀ ਵੀ ਆਜ਼ਾਦੀ ਦਿੱਤੀ।

ਬੈਂਚ ਨੇ ਮਾਮਲੇ ਦੀ ਅਗਲੀ ਸੁਣਵਾਈ 26 ਜੁਲਾਈ ’ਤੇ ਪਾ ਦਿੱਤੀ। ਪੁਰਾਣੇ ਫੈਸਲੇ ਦਾ ਹਵਾਲਾ ਦਿੰਦੇ ਹੋਏ ਪਟੀਸ਼ਨਰਾਂ ਨੇ ਕਿਹਾ ਕਿ ਨੀਟ-ਐੱਸ. ਐੱਸ. ਨੂੰ ਹਰ ਸਾਲ ਕਰਵਾਇਅਾ ਦਾਂਦਾ ਹੈ । ਸੁਪਰ ਸਪੈਸ਼ਲਿਟੀ ਕੋਰਸਾਂ ’ਚ ਦਾਖਲੇ ਲਈ ਸਮਾਂ ਸਾਰਣੀ ਸੁਪਰੀਮ ਕੋਰਟ ਵਲੋਂ ਪਹਿਲਾਂ ਹੀ ਤੈਅ ਕੀਤੀ ਜਾ ਚੁੱਕੀ ਹੈ।

ਪ੍ਰਸ਼ਨ ਪੱਤਰ ਹੱਲ ਕਰਨ ਵਾਲੀ ਐੱਮ. ਬੀ. ਬੀ. ਐੱਸ. ਦੀ ਵਿਦਿਆਰਥਣ ਗ੍ਰਿਫਤਾਰ

ਸੀ. ਬੀ. ਆਈ. ਨੇ ਸ਼ੁੱਕਰਵਾਰ ਰਾਜੇਂਦਰ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਰਾਂਚੀ ਦੇ ਪਹਿਲੇ ਸਾਲ ਦੀ ਐੱਮ. ਬੀ. ਬੀ. ਐੱਸ. ਦੀ ਇਕ ਵਿਦਿਆਰਥਣ ਨੂੰ ਕਥਿਤ ਤੌਰ ’ਤੇ ‘ਸਾਲਵਰ ਮਾਡਿਊਲ’ ਦਾ ਹਿੱਸਾ ਹੋਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ।

ਅਧਿਕਾਰੀਆਂ ਨੇ ਦੱਸਿਆ ਕਿ ਪ੍ਰਸ਼ਨ ਪੱਤਰ ਹੱਲ ਕਰਨ ਵਾਲਾ ਇਹ ਗਿਰੋਹ ਇਕ ਇੰਜੀਨੀਅਰ ਦੇ ਸਹਿਯੋਗ ਨਾਲ ਕੰਮ ਕਰ ਰਿਹਾ ਸੀ ਜਿਸ ਨੇ ਨੀਟ ਯੂ. ਜੀ. ਪਾਸ ਕੀਤਾ ਸੀ। ਕੇਂਦਰੀ ਜਾਂਚ ਬਿਊਰੋ ਨੇ ਦੋ ਦਿਨਾਂ ਦੀ ਵਿਸਥਾਰਪੂਰਵਕ ਪੁੱਛਗਿੱਛ ਤੋਂ ਬਾਅਦ ਸੁਰਭੀ ਕੁਮਾਰੀ ਨੂੰ ਗ੍ਰਿਫਤਾਰ ਕੀਤਾ। ਦੋਸ਼ ਹੈ ਕਿ ਕੁਮਾਰੀ ‘ਸਾਲਵਰ ਮਾਡਿਊਲ’ ਦੀ ਪੰਜਵੀਂ ਮੈਂਬਰ ਸੀ, ਜੋ ਪੰਕਜ ਕੁਮਾਰ ਵੱਲੋਂ ਚੋਰੀ ਕੀਤੇ ਪ੍ਰਸ਼ਨ ਪੱਤਰ ਨੂੰ ਹੱਲ ਕਰਨ ਲਈ 5 ਮਈ ਦੀ ਸਵੇਰ ਨੂੰ ਪ੍ਰੀਖਿਆ ਵਾਲੇ ਦਿਨ ਹਜ਼ਾਰੀਬਾਗ ’ਚ ਮੌਜੂਦ ਸੀ।


author

Rakesh

Content Editor

Related News