ਸਾਊਦੀ ਅਰਬ ਨੇ ਵੀ ਮਿਲਾ ਲਿਆ ਭਾਰਤ ਨਾਲ ਹੱਥ, ਜੈਸ਼ੰਕਰ ਨੇ ਤਸਵੀਰ ਕੀਤੀ ਸਾਂਝੀ
Thursday, May 08, 2025 - 03:04 PM (IST)

ਨਵੀਂ ਦਿੱਲੀ- ਸਾਊਦੀ ਅਰਬ ਦੇ ਵਿਦੇਸ਼ ਰਾਜ ਮੰਤਰੀ ਆਦਿਲ ਅਲਜੁਬੈਰ ਨੂੰ ਇਕ ਅਣਐਲਾਨੇ ਦੌਰੇ 'ਤੇ ਭਾਰਤ ਆਏ ਹਨ। ਉਨ੍ਹਾਂ ਨੇ ਵੀਰਵਾਰ ਨੂੰ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨਾਲ ਮੁਲਾਕਾਤ ਕੀਤੀ, ਜਿਸ 'ਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਘਟਾਉਣ 'ਤੇ ਧਿਆਨ ਕੇਂਦਰਿਤ ਕੀਤਾ ਗਿਆ ਸੀ। ਅਲਜੁਬੈਰ ਦੀ ਨਵੀਂ ਦਿੱਲੀ ਫੇਰੀ ਅਜਿਹੇ ਸਮੇਂ 'ਚ ਹੋ ਰਹੀ ਹੈ, ਜਦੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਪਹਿਲਾਂ ਤੋਂ ਤਣਾਅਪੂਰਨ ਸਬੰਧ ਭਾਰਤੀ ਫੌਜ ਵਲੋਂ ਪਾਕਿਸਤਾਨ ਅਤੇ ਉਸ ਦੇ ਕਬਜ਼ੇ ਵਾਲੇ ਕਸ਼ਮੀਰ 'ਚ 9 ਅੱਤਵਾਦੀ ਕੈਂਪਾਂ 'ਤੇ ਕੀਤੇ ਗਏ ਹਮਲੇ ਮਗਰੋਂ ਹੋਰ ਵਿਗੜ ਗਏ ਹਨ।
ਜੈਸ਼ੰਕਰ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ 'ਚ ਇਕ ਤਸਵੀਰ ਸਾਂਝੀ ਕਰਦਿਆਂ ਕਿਹਾ ਕਿ ਅੱਜ ਸਵੇਰੇ ਸਾਊਦੀ ਅਰਬ ਦੇ ਵਿਦੇਸ਼ ਰਾਜ ਮੰਤਰੀ ਆਦਿਲ ਅਲਜੁਬੈਰ ਨਾਲ ਮੁਲਾਕਾਤ ਹੋਈ। ਉਨ੍ਹਾਂ ਕਿਹਾ ਕਿ ਅੱਤਵਾਦ ਦਾ ਮਜ਼ਬੂਤੀ ਨਾਲ ਮੁਕਾਬਲਾ ਕਰਨ 'ਤੇ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਸਾਂਝਾ ਕੀਤਾ। ਭਾਰਤ ਅਤੇ ਪਾਕਿਸਤਾਨ ਵਿਚਕਾਰ ਵਧਦੇ ਤਣਾਅ ਵਿਚਕਾਰ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਵੀ ਕੱਲ੍ਹ ਅੱਧੀ ਰਾਤ ਪਹਿਲਾਂ ਤੋਂ ਹੀ ਤੈਅ ਦੌਰੇ 'ਤੇ ਨਵੀਂ ਦਿੱਲੀ ਪਹੁੰਚੇ। ਅਰਾਘਚੀ ਜਲਦੀ ਹੀ ਜੈਸ਼ੰਕਰ ਨਾਲ ਵਿਆਪਕ ਗੱਲਬਾਤ ਕਰਨਗੇ। ਉਹ ਦੁਪਹਿਰ ਨੂੰ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨਾਲ ਵੀ ਮੁਲਾਕਾਤ ਕਰਨਗੇ।
ਦੱਸ ਦੇਈਏ ਕਿ ਪਹਿਲਗਾਮ ਅੱਤਵਾਦੀ ਹਮਲੇ ਦੇ ਬਦਲੇ ਵਿਚ ਭਾਰਤੀ ਹਥਿਆਰਬੰਦ ਬਲਾਂ ਨੇ ਮੰਗਲਵਾਰ ਦੇਰ ਰਾਤ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (PoK) 'ਚ 9 ਅੱਤਵਾਦੀ ਕੈਂਪਾਂ 'ਤੇ ਮਿਜ਼ਾਈਲ ਹਮਲੇ ਕੀਤੇ, ਜਿਨ੍ਹਾਂ 'ਚ ਜੈਸ਼-ਏ-ਮੁਹੰਮਦ ਦਾ ਗੜ੍ਹ ਬਹਾਵਲਪੁਰ ਅਤੇ ਲਸ਼ਕਰ-ਏ-ਤੋਇਬਾ ਦਾ ਅੱਡਾ ਮੁਰੀਦਕੇ ਸ਼ਾਮਲ ਹੈ। ਇਹ ਫੌਜੀ ਹਮਲੇ ਜੰਮੂ-ਕਸ਼ਮੀਰ ਦੇ ਪਹਿਲਗਾਮ 'ਚ 26 ਨਾਗਰਿਕਾਂ ਦੀ ਹੱਤਿਆ ਤੋਂ ਦੋ ਹਫ਼ਤੇ ਬਾਅਦ 'ਆਪ੍ਰੇਸ਼ਨ ਸਿੰਦੂਰ' ਦੇ ਤਹਿਤ ਕੀਤੇ ਗਏ ਸਨ। ਇਸ ਦੇ ਬਾਵਜੂਦ ਪਾਕਿਸਤਾਨ ਕੰਟਰੋਲ ਰੇਖਾ ਨੇੜੇ ਹਮਲੇ ਕਰ ਕੇ ਜੰਗਬੰਦੀ ਦੀ ਉਲੰਘਣਾ ਕਰ ਰਿਹਾ ਹੈ।