ਹਰੀਸ਼ ਰਾਣਾ ਨੂੰ ਮਿਲੀ ''ਇੱਛਾ ਮੌਤ'', ਪਰਿਵਾਰ ਨੇ ਮੈਡੀਕਲ ਦੇ ਨਾਲ-ਨਾਲ ਲਿਆ ਅਧਿਆਤਮਿਕ ਮਾਰਗਦਰਸ਼ਨ
Monday, Mar 16, 2026 - 03:57 PM (IST)
ਗਾਜ਼ੀਆਬਾਦ- ਭਾਰਤ 'ਚ ਮਨੁੱਖੀ ਮਰਿਆਦਾ ਅਤੇ ਕਾਨੂੰਨ ਨਾਲ ਜੁੜਿਆ ਇਕ ਬਹੁਤ ਹੀ ਭਾਵੁਕ ਮਾਮਲਾ ਸਾਹਮਣੇ ਆਇਆ ਹੈ। ਸੁਪਰੀਮ ਕੋਰਟ ਵੱਲੋਂ ਇਤਿਹਾਸਕ ਫੈਸਲਾ ਸੁਣਾਉਂਦੇ ਹੋਏ 31 ਸਾਲਾ ਹਰੀਸ਼ ਰਾਣਾ ਨੂੰ 'ਨਿਸ਼ਕਿਰਿਆ ਇੱਛਾ ਮੌਤ' (Passive Euthanasia) ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਹਰੀਸ਼ ਪਿਛਲੇ 13 ਸਾਲਾਂ ਤੋਂ ਕੋਮਾ 'ਚ ਹੈ ਅਤੇ ਭਾਰਤ 'ਚ ਇਸ ਤਰ੍ਹਾਂ ਦੀ ਇਜਾਜ਼ਤ ਪਾਉਣ ਵਾਲਾ ਉਹ ਪਹਿਲਾ ਵਿਅਕਤੀ ਬਣ ਗਿਆ ਹੈ। ਹਰੀਸ਼ ਰਾਣਾ 2013 'ਚ ਆਪਣੇ ਪੇਇੰਗ ਗੈਸਟ (PG) ਦੀ ਚੌਥੀ ਮੰਜ਼ਿਲ ਦੀ ਬਾਲਕਨੀ ਤੋਂ ਡਿੱਗ ਗਿਆ ਸੀ, ਜਿਸ ਕਾਰਨ ਉਸ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ ਸਨ। ਉਦੋਂ ਤੋਂ ਹੀ ਉਹ ਸਥਾਈ ਤੌਰ 'ਤੇ ਕੋਮਾ 'ਚ ਹੈ। ਮੈਡੀਕਲ ਬੋਰਡ ਨੇ ਸਪੱਸ਼ਟ ਕੀਤਾ ਸੀ ਕਿ ਉਸ ਦੀ ਸਥਿਤੀ 'ਚ ਸੁਧਾਰ ਦੀ ਕੋਈ ਗੁੰਜਾਇਸ਼ ਨਹੀਂ ਹੈ, ਜਿਸ ਤੋਂ ਬਾਅਦ ਅਦਾਲਤ ਨੇ ਉਸ ਦੀ ਜੀਵਨ ਰੱਖਿਅਕ ਪ੍ਰਣਾਲੀ (ਲਾਈਫ ਸਪੋਰਟ) ਨੂੰ ਹਟਾਉਣ ਦਾ ਫੈਸਲਾ ਸੁਣਾਇਆ।
ਸੁਪਰੀਮ ਕੋਰਟ ਨੇ ਦਿੱਲੀ ਦੇ ਏਮਜ਼ (AIIMS) ਹਸਪਤਾਲ ਨੂੰ ਨਿਰਦੇਸ਼ ਦਿੱਤੇ ਹਨ ਕਿ ਹਰੀਸ਼ ਦੀ ਫੀਡਿੰਗ ਟਿਊਬ ਨੂੰ ਇਕ ਸੁਚੱਜੇ ਅਤੇ ਯੋਜਨਾਬੱਧ ਤਰੀਕੇ ਨਾਲ ਹਟਾਇਆ ਜਾਵੇ ਤਾਂ ਜੋ ਉਸ ਦੀ ਮੌਤ ਦੀ ਪ੍ਰਕਿਰਿਆ ਕੁਦਰਤੀ ਅਤੇ ਸਨਮਾਨਜਨਕ ਹੋ ਸਕੇ। ਅਦਾਲਤ ਨੇ ਸਪੱਸ਼ਟ ਕੀਤਾ ਹੈ ਕਿ ਇਹ 'ਸਰਗਰਮ ਇੱਛਾ ਮੌਤ' ਨਹੀਂ ਹੈ, ਸਗੋਂ ਕੇਵਲ ਇਲਾਜ ਬੰਦ ਕਰਨਾ ਹੈ। ਹਰੀਸ਼ ਦੇ ਪਰਿਵਾਰ ਨੇ ਉਸ ਨੂੰ ਅੰਤਿਮ ਵਿਦਾਈ ਦੇਣ ਲਈ ਡਾਕਟਰੀ ਸਲਾਹ ਦੇ ਨਾਲ-ਨਾਲ ਅਧਿਆਤਮਿਕ ਮਾਰਗਦਰਸ਼ਨ ਦਾ ਵੀ ਸਹਾਰਾ ਲਿਆ ਹੈ। ਸੋਸ਼ਲ ਮੀਡੀਆ 'ਤੇ ਇਕ ਦਿਲ ਕੰਬਾਊ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਪ੍ਰਜਾਪਿਤਾ ਬ੍ਰਹਮਾ ਕੁਮਾਰੀ ਈਸ਼ਵਰੀ ਯੂਨੀਵਰਸਿਟੀ ਦੀ ਮੈਂਬਰ 'ਭੈਣ ਲਵਲੀ' ਹਰੀਸ਼ ਦੇ ਮੱਥੇ 'ਤੇ ਤਿਲਕ ਲਗਾਉਂਦੇ ਹੋਏ ਅਤੇ ਇਹ ਕਹਿੰਦੇ ਹੋਏ ਦਿਖਾਈ ਦੇ ਰਹੀ ਹੈ ਕਿ 'ਸਾਰਿਆਂ ਨੂੰ ਮੁਆਫ਼ ਕਰਦੇ ਹੋਏ, ਸਭ ਤੋਂ ਮੁਆਫ਼ੀ ਮੰਗਦੇ ਹੋਏ, ਸੌਂ ਜਾਓ... ਠੀਕ ਹੈ...।'' ਸੰਸਥਾ ਮੁਤਾਬਕ ਇਹ 'ਧਿਆਨ ਮੰਤਰ' ਆਤਮਾ ਨੂੰ ਸ਼ਾਂਤੀ ਪ੍ਰਦਾਨ ਕਰਨ ਲਈ ਦਿੱਤਾ ਗਿਆ ਹੈ।
ਹਰੀਸ਼ ਦੇ ਪਿਤਾ ਅਸ਼ੋਕ ਰਾਣਾ ਨੇ ਇਸ ਫੈਸਲੇ ਨੂੰ ਬੇਹੱਦ ਦਰਦਨਾਕ ਪਰ ਜ਼ਰੂਰੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲਾ ਹੋਰਾਂ ਪਰਿਵਾਰਾਂ ਲਈ ਵੀ ਮਦਦਗਾਰ ਸਾਬਤ ਹੋਵੇਗਾ ਜੋ ਅਜਿਹੀ ਨਾ-ਉਮੀਦ ਸਥਿਤੀ 'ਚ ਫਸੇ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਬੇਟੇ ਦੇ ਇਲਾਜ ਲਈ ਇਸ ਬਜ਼ੁਰਗ ਜੋੜੇ ਨੇ ਆਪਣਾ ਦਿੱਲੀ ਵਾਲਾ ਘਰ ਤੱਕ ਵੇਚ ਦਿੱਤਾ ਸੀ। ਸਰਕਾਰ ਵੱਲੋਂ ਮਦਦ ਦਾ ਹੱਥ ਗਾਜ਼ੀਆਬਾਦ ਦੇ ਜ਼ਿਲ੍ਹਾ ਅਧਿਕਾਰੀਆਂ ਨੇ ਪਰਿਵਾਰ ਨਾਲ ਮੁਲਾਕਾਤ ਕੀਤੀ ਹੈ। ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਮੁੱਖ ਮੰਤਰੀ ਰਾਹਤ ਫੰਡ ਵਿੱਚੋਂ 10 ਲੱਖ ਰੁਪਏ ਦੀ ਵਿੱਤੀ ਸਹਾਇਤਾ ਮਨਜ਼ੂਰ ਕੀਤੀ ਗਈ ਹੈ। ਇਸ ਤੋਂ ਇਲਾਵਾ, ਪਰਿਵਾਰ ਦੇ ਗੁਜ਼ਾਰੇ ਲਈ ਪ੍ਰਸ਼ਾਸਨ ਵੱਲੋਂ ਇਕ ਦੁਕਾਨ ਵੀ ਮੁਫ਼ਤ ਅਲਾਟ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
