ਸਤਨਾ ਨਗਰ ਨਿਗਮ ਕਮਿਸ਼ਨਰ 22 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਗ੍ਰਿਫਤਾਰ

Tuesday, Jun 27, 2017 - 02:48 AM (IST)

ਸਤਨਾ— ਪੁਲਸ ਨੇ ਮੱਧ ਪ੍ਰਦੇਸ਼ ਦੇ ਸਤਨਾ ਨਗਰ ਨਿਗਮ ਕਮਿਸ਼ਨਰ ਨੂੰ ਕਥਿਤ ਰਿਸ਼ਵਤ ਲੈਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਹੈ। ਕਮਿਸ਼ਨਰ 'ਤੇ 12 ਲੱਖ ਰੁਪਏ ਨਕਦ ਤੇ 10 ਲੱਖ ਰੁਪਏ ਦਾ ਸੋਨਾ ਰਿਸ਼ਵਤ ਲੈਣ ਦਾ ਦੋਸ਼ ਹੈ। ਸਬ-ਇੰਸਪੈਕਟਰ ਦਿਵੇਸ਼ ਪਾਠਕ ਨੇ ਦੱਸਿਆ ਕਿ ਸਤਨਾ ਜ਼ਿਲੇ ਦੀ ਪੁਲਸ ਨੇ ਸਤਨਾ ਨਗਰ ਨਿਗਮ ਦੇ ਕਮਿਸ਼ਨਰ ਸੁਰੇਂਦਰ ਕੁਮਾਰ ਕਥੁਰੀਆ ਨੂੰ ਉਸੇ ਦੀ ਸਰਕਾਰੀ ਰਿਹਾਇਸ਼ 'ਚ 22 ਲੱਖ ਦੀ ਰਿਸ਼ਵਤ ਲੈਂਦੇ ਹੋਏ ਫੜਿਆ ਹੈ।
ਉਨ੍ਹਾਂ ਨੇ ਕਿਹਾ ਕਿ ਕਮਿਸ਼ਨਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕਮਿਸ਼ਨਰ ਨੇ ਨਰਸਿੰਗ ਹੋਮ ਦਾ ਇਕ ਹਿੱਸਾ ਨਾ ਤੋੜਨ ਲਈ 40 ਲੱਖ ਨਕਦ 'ਤੇ 10 ਲੱਖ ਦੇ ਸੋਨੇ ਦੀ ਮੰਗ ਕੀਤੀ ਸੀ। ਹਾਲਾਂਕਿ ਨਰਸਿੰਗ ਹੋਮ ਦੇ ਮਾਲਕ ਡਾਕਟਰ ਰਾਜਕੁਮਾਰ ਅਗਰਵਾਲ ਨੇ ਕਮਿਸ਼ਨਰ ਨੂੰ ਕਿਹਾ ਸੀ ਕਿ ਉਹ ਇੰਨੀ ਵੱਡੀ ਰਕਮ ਨਹੀਂ ਦੇ ਸਕਦਾ ਪਰ ਉਹ ਫਿਰ ਵੀ ਨਹੀਂ ਮੰਨਿਆ। ਉਨ੍ਹਾਂ ਨੇ ਕਿਹਾ ਕਿ ਅਗਰਵਾਲ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਕੀਤੀ, ਜਿਸ ਦੇ ਬਾਅਦ ਜਾਅਲ ਵਿਛਾ ਕੇ ਕਮਿਸ਼ਨਰ ਨੂੰ ਉਸ ਦੀ ਹੀ ਰਿਹਾਇਸ਼ 'ਚ ਰਿਸ਼ਵਤ ਲੈਂਦੇ ਗ੍ਰਿਫਤਾਰ ਕੀਤਾ ਗਿਆ। ਪਾਠਕ ਨੇ ਦੱਸਿਆ ਕਿ ਦੋਸ਼ੀ ਦੇ ਖਿਲਾਫ ਭ੍ਰਿਸ਼ਟਾਚਾਰ ਰੋਕੂ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।


Related News