ਅੱਜ ਦੇ ਦਿਨ ਸਰਦਾਰ ਪਟੇਲ ਨੇ ਦੁਨੀਆ ਨੂੰ ਕਿਹਾ ਸੀ ਅਲਵਿਦਾ, PM ਮੋਦੀ ਨੇ ਦਿੱਤੀ ਸ਼ਰਧਾਂਜਲੀ
Wednesday, Dec 15, 2021 - 11:44 AM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵੱਲਭਭਾਈ ਪਟੇਲ ਦੀ 71ਵੀਂ ਬਰਸੀ ਮੌਕੇ ਬੁੱਧਵਾਰ ਨੂੰ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ ਕਿ ਸਰਦਾਰ ਪਟੇਲ ਨੂੰ ਉਨ੍ਹਾਂ ਦੀ ਬਰਸੀ 'ਤੇ ਯਾਦ ਕਰਦੇ ਹੋਏ ਸ਼ਰਧਾਂਜਲੀ ਭੇਟ ਕਰਦਾ ਹਾਂ। ਮੋਦੀ ਨੇ ਕਿਹਾ ਕਿ ਭਾਰਤ ਹਮੇਸ਼ਾ ਸਰਦਾਰ ਪਟੇਲ ਦੀ ਅਸਾਧਾਰਣ ਸੇਵਾ, ਉਨ੍ਹਾਂ ਦੇ ਪ੍ਰਸ਼ਾਸਨਿਕ ਹੁਨਰ ਅਤੇ ਸਾਡੇ ਰਾਸ਼ਟਰ ਨੂੰ ਇਕਜੁੱਟ ਕਰਨ ਦੇ ਅਣਥੱਕ ਕੋਸ਼ਿਸ਼ਾਂ ਲਈ ਉਨ੍ਹਾਂ ਦਾ ਧੰਨਵਾਦੀ ਰਹੇਗਾ। ਆਜ਼ਾਦੀ ਤੋਂ ਬਾਅਦ ਵੱਡੀ ਗਿਣਤੀ 'ਚ ਰਿਆਇਤਾਂ ਦਾ ਭਾਰਤੀ ਸੰਘ ਵਿਚ ਸ਼ਮੂਲੀਅਤ ਕਰਾਉਣ ਦਾ ਸਿਹਰਾ ਮੁੱਖ ਰੂਪ ਨਾਲ ਸਰਦਾਰ ਪਟੇਲ ਨੂੰ ਹੀ ਜਾਂਦਾ ਹੈ।
ਦੱਸ ਦੇਈਏ ਕਿ 15 ਦਸੰਬਰ ਦੀ ਤਾਰੀਖ਼ ਦੇਸ਼ ਦੀ ਆਜ਼ਾਦੀ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਲੌਹ ਪੁਰਸ਼ ਸਰਦਾਰ ਪਟੇਲ ਦੀ ਬਰਸੀ ਦੇ ਰੂਪ ਵਿਚ ਦਰਜ ਹੈ। 31 ਅਕਤੂਬਰ 1875 ਨੂੰ ਗੁਜਰਾਤ ਦੇ ਖੇੜਾ ਜ਼ਿਲ੍ਹੇ 'ਚ ਇਕ ਕਿਸਾਨ ਪਰਿਵਾਰ 'ਚ ਜਨਮੇ ਪਟੇਲ ਨੂੰ ਉਨ੍ਹਾਂ ਦੀਆਂ ਕੂਟਨੀਤਕ ਸਮਰੱਥਾਵਾਂ ਲਈ ਸਦਾ ਯਾਦ ਕੀਤਾ ਜਾਵੇਗਾ। ਦੇਸ਼ ਦੇ ਪਹਿਲੇ ਉੱਪ ਪ੍ਰਧਾਨ ਮੰਤਰੀ ਸਰਦਾਰ ਪਟੇਲ ਨੇ ਆਜ਼ਾਦੀ ਤੋਂ ਬਾਅਦ ਦੇਸ਼ ਦੇ ਨਕਸ਼ੇ ਨੂੰ ਮੌਜੂਦਾ ਰੂਪ ਦੇਣ ਵਿਚ ਯੋਗਦਾਨ ਦਿੱਤਾ।
ਦੇਸ਼ ਨੂੰ ਇਕਜੁੱਟ ਕਰਨ ਦੀ ਦਿਸ਼ਾ ਵਿਚ ਪਟੇਲ ਦੀ ਰਾਜਨੀਤਕ ਅਤੇ ਕੂਟਨੀਤਕ ਸਮਰੱਥਾ ਨੇ ਅਹਿਮ ਭੂਮਿਕਾ ਨਿਭਾਈ। ਭਾਰਤ ਰਤਨ ਨਾਲ ਸਨਮਾਨਤ ਸਰਦਾਰ ਪਟੇਲ ਨੇ 15 ਦਸੰਬਰ 1950 ਨੂੰ ਆਖ਼ਰੀ ਸਾਹ ਲਿਆ। ਦੇਸ਼ ਦੀ ਏਕਤਾ ਵਿਚ ਉਨ੍ਹਾਂ ਦੇ ਯੋਗਦਾਨ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਗੁਜਰਾਤ ਦੇ ਨਰਮਦਾ ਨਦੀ ਦੇ ਨੇੜੇ ਵਿਸ਼ਾਲ ਬੁੱਤ ਸਥਾਪਤ ਕੀਤਾ ਗਿਆ ਹੈ। ਅਜਿਹਾ ਦਾਅਵਾ ਕੀਤਾ ਜਾਂਦਾ ਹੈ ਕਿ ਇਹ ਦੁਨੀਆ ਦਾ ਸਭ ਤੋਂ ਉੱਚਾ ਬੁੱਤ ਹੈ।