ਟਰੈਕਟਰ ਪਰੇਡ ਹਿੰਸਾ: ਸੰਯੁਕਤ ਕਿਸਾਨ ਮੌਰਚਾ ਨੇ ਬੁਲਾਈ ਬੈਠਕ, ਸਾਰੇ ਪਹਿਲੂਆਂ ’ਤੇ ਹੋਵੇਗੀ ਚਰਚਾ

Wednesday, Jan 27, 2021 - 01:18 PM (IST)

ਟਰੈਕਟਰ ਪਰੇਡ ਹਿੰਸਾ: ਸੰਯੁਕਤ ਕਿਸਾਨ ਮੌਰਚਾ ਨੇ ਬੁਲਾਈ ਬੈਠਕ, ਸਾਰੇ ਪਹਿਲੂਆਂ ’ਤੇ ਹੋਵੇਗੀ ਚਰਚਾ

ਨਵੀਂ ਦਿੱਲੀ– ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੀ ਸੰਯੁਕਤ ਕਿਸਾਨ ਮੋਰਚਾ ਨੇ ਰਾਸ਼ਟਰੀ ਰਾਜਧਾਨੀ ’ਚ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ’ਤੇ ਚਰਚਾ ਕਰਨ ਲਈ ਬੁੱਧਵਾਰ ਦੁਪਹਿਰ ਤੋਂ ਬਾਅਦ ਬੈਠਕ ਬੁਲਾਈ ਹੈ। ਮੋਰਚਾ ਦੀ ਬੈਠਕ ਤੋਂ ਪਹਿਲਾਂ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੇ ਆਗੂਆਂ ਵਿਚਾਲੇ ਵੀ ਸਿੰਘੂ ਸਰਹੱਦ ’ਤੇ ਬੈਠਕ ਹੋਵੇਗੀ। ਸਿੰਘੂ ਸਰਹੱਦ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦਾ ਵੱਡਾ ਕੇਂਦਰ ਰਹੀ ਹੈ। ਇਕ ਸੀਨੀਅਨ ਕਿਸਾਨ ਆਗੂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਦੀ ਬੈਠਕ ਬੁੱਧਵਾਰ ਨੂੰ ਤਿੰਨ ਵਜੇ ਹੋਵੇਗੀ ਅਤੇ ਇਸ ਵਿਚ ਦਿੱਲੀ ’ਚ ਟਰੈਕਟਰ ਪਰੇਡ ਦੌਰਾਨ ਹਿੰਸਾ ਨਾਲ ਸੰਬੰਧਿਤ ਸਾਰੇ ਪਹਿਲੂਆਂ ’ਤੇ ਚਰਚਾ ਹੋਵੇਗੀ। 

PunjabKesari

ਸੰਯੁਕਤ ਕਿਸਾਨ ਮੋਰਚਾ 41 ਕਿਸਾਨ ਜਥੇਬੰਦੀਆਂ ਦੀ ਇਕਾਈ ਹੈ ਅਤੇ ਇਹ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਸਰਹੱਦਾਂ ’ਤੇ ਪ੍ਰਦਰਸ਼ਨ ਦੀ ਅਗਵਾਈ ਕਰ ਰਿਹਾ ਹੈ। ਦਿੱਲੀ ’ਚ ਮੰਗਲਵਾਰ ਨੂੰ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ ਨੇ ਪਰੇਡ ਖ਼ਤਮ ਕਰਕੇ ਇਸ ਵਿਚ ਹਿੱਸਾ ਲੈਣ ਵਾਲੇ ਸਾਰੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਲਦ ਹੀ ਸੰਬੰਧਤ ਪ੍ਰਦਰਸ਼ਨ ਵਾਲੀਆਂ ਥਾਵਾਂ ’ਤੇ ਵਾਪਸ ਪਰਤ ਜਾਣ। 

ਦੱਸ ਦੇਈਏ ਕਿ ਦਿੱਲੀ ਦੇ ਕਈ ਹਿੱਸਿਆਂ ’ਚ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦੇ ਸੰਬੰਧ ’ਚ ਦਿੱਲੀ ਪੁਲਸ 22 ਐਫ.ਆਈ.ਆਰ. ਦਰਜ ਕਰ ਚੁੱਕੀ ਹੈ। ਇਸ ਦੌਰਾਨ 300 ਤੋਂ ਜ਼ਿਆਦਾ ਪੁਲਸ ਵਾਲੇ ਜ਼ਖਮੀ ਹੋਏ। ਕਿਸਾਨ ਮੋਰਚਾ ਨੇ ਟਰੈਕਟਰ ਪਰੇਡ ਦੌਰਾਨ ਹਿੰਸਾ ਕਰਨ ਵਾਲੇ ਲੋਕਾਂ ਤੋਂ ਖੁਦ ਨੂੰ ਵੱਖ ਕਰ ਲਿਆ ਅਤੇ ਦੋਸ਼ ਲਗਾਇਆ ਸੀ ਕਿ ਕੁਝ ‘ਅਸਮਾਜਿਕ ਤੱਤ’ ਇਸ ਪ੍ਰਦਰਸ਼ਨ ’ਚ ਵੜ ਆਏ ਨਹੀਂ ਤਾਂ ਪ੍ਰਦਰਸ਼ਨ ਸ਼ਾਂਤੀਪੂਰਨ ਹੀ ਸੀ। 

ਕਿਸਾਨ ਜਥੇਬੰਦੀਆਂ ਦੀ ਕੇਂਦਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਦੇ ਪੱਖ ’ਚ ਮੰਗਲਵਾਰ ਨੂੰ ਹਜ਼ਾਰਾਂ ਦੀ ਗਿਣਤੀ ’ਚ ਕਿਸਾਨਾਂ ਨੇ ਟਰੈਕਟਰ ਪਰੇਡ ਕੱਢੀ ਸੀ। ਇਸ ਦੌਰਾਨ ਕਈ ਥਾਵਾਂ ’ਤੇ ਪ੍ਰਦਰਸ਼ਨਕਾਰੀਆਂ ਨੇ ਪੁਲਸ ਦੇ ਬੈਰੀਕੇਡ ਤੋੜ ਦਿੱਤੇ ਅਤੇ ਪੁਸ ਨਾਲ ਝੜਪ ਕੀਤੀ, ਵਾਹਨਾਂ ਦੀ ਭੰਨ-ਤੋੜ ਕੀਤੀ ਅਤੇ ਲਾਲ ਕਿਲ੍ਹੇ ’ਤੇ ਇਕ ਧਾਰਮਿਕ ਝੰਡਾ ਵੀ ਲਗਾ ਦਿੱਤਾ ਸੀ। 


author

Rakesh

Content Editor

Related News